ਕਾਹਨੂੰਵਾਨ, 10 ਮਈ (ਨਿਸ਼ਾਨ ਸਿੰਘ ਚਾਹਲ)-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵਲੋਂ ਫ਼ਸਲ ਦੀ ਰਹਿੰਦ-ਖੂੰਹਦ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਆਪਣੀ ਮੌਜ਼ੂਦਗੀ ਵਿਚ ਖੇਤਾਂ 'ਚ ਲੱਗੀ ਅੱਗ ਨੂੰ ਫਾਇਰ ਬਿਰਗੇਡ, ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਾਇਆ ਗਿਆ | ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਆਦਿਤਿਆ, ਐੱਸ.ਡੀ.ਐੱਮ. ਅਨੂਪ੍ਰੀਤ ਕੌਰ ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਠਾਕਰ ਵੀ ਮੌਜ਼ੂਦ ਸਨ | ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਅੱਜ ਜਦ ਬਲਾਕ ਕਾਹਨੂੰਵਾਨ ਦੇ ਪਿੰਡਾਂ ਕੋਟ ਧੰਦਲ, ਗੋਤ, ਭਿੱਟੇਵਿੰਡ, ਜਾਗੋਵਾਲ ਬਾਂਗਰ, ਕੀੜੀ ਤੇ ਨੈਨੇਕੋਟ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਰਸਤੇ 'ਚ ਖੇਤਾਂ 'ਚ ਲੱਗੀ ਅੱਗ ਨੂੰ ਦੇਖਿਆ | ਉਨ੍ਹਾਂ ਵਲੋਂ ਤੁਰੰਤ ਕਾਰ ਰੋਕ ਕੇ ਖੁਦ ਖੇਤ 'ਚ ਗਏ ਤੇ ਫਾਇਰ ਬਿ੍ਗੇਡ, ਸਿਵਲ ਤੇ ਪੁਲਿਸ ਦੀਆਂ ਟੀਮਾਂ ਦੇ ਸਹਿਯੋਗ ਨਾਲ ਲੱਗੀ ਅੱਗ ਨੂੰ ਬੁਝਾਇਆ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮੁੱਚਾ ਪ੍ਰਸ਼ਾਸਨ, ਜਿਸ 'ਚ ਸਿਵਲ ਤੇ ਪੁਲਿਸ ਵਿਭਾਗ ਸ਼ਾਮਲ ਹੈ, ਵਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਤੇ ਕਣਕ ਦੀ ਫ਼ਸਲ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਅਪੀਲ ਕਰ ਰਹੇ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਦੇ ਕਿਸਾਨਾਂ ਨੂੰ ਮਿਲ ਕੇ ਨਾੜ ਨਾ ਸਾੜਨ ਦੀ ਅਪੀਲ ਕੀਤੀ |