ਪਠਾਨਕੋਟ, 15 ਮਈ (ਵਿਨੋਦ)-ਸੁਪਰੀਮ ਕੋਰਟ ਵਲੋਂ 21, 22 ਤੇ 23 ਅਗਸਤ 2026 ਨੂੰ ਵਿਸ਼ੇਸ਼ ਲੋਕ ਅਦਾਲਤ ਲਗਾਈ ਜਾ ਰਹੀ ਹੈ | ਜਿਸ ਦਾ ਉਦੇਸ਼ ਅਦਾਲਤ ਦੇ ਸਾਹਮਣੇ ਕਾਫ਼ੀ ਸਮੇਂ ਤੋਂ ਲੰਬਿਤ ਪਏ ਮਾਮਲਿਆਂ ਦੇ ਤੇਜ਼ੀ ਨਾਲ ਨਿਪਟਾਰੇ ਨੂੰ ਸੁਵਿਧਾਜਨਕ ਬਣਾਉਣਾ ਹੈ | ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਰਜਨੀਸ਼ ਗਰਗ ਦੀ ਰਹਿਨੁਮਾਈ ਹੇਠ ਪ੍ਰਭਜੋਤ ਕੌਰ ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਲੋਕਾਂ ਨੂੰ ਇਸ ਸਪੈਸ਼ਲ ਲੋਕ ਅਦਾਲਤ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ | ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਰਜਨੀਸ਼ ਗਰਗ ਨੇ ਦੱਸਿਆ ਕਿ ਇਹ ਪਹਿਲ ਸੁਪਰੀਮ ਕੋਰਟ ਦੀ ਲੰਬਿਤ ਮਾਮਲਿਆਂ ਨੂੰ ਘਟਾਉਣ ਤੇ ਵਿਕਲਪਿਕ ਵਿਵਾਦ ਨਿਪਟਾਰਾ ਵਿਧੀਆਂ ਰਾਹੀਂ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ | ਵਿਸ਼ੇਸ਼ ਲੋਕ ਅਦਾਲਤ ਦੌਰਾਨ ਆਪਸੀ ਸਹਿਮਤੀ ਤੇ ਸੁਲਾ-ਸਫ਼ਾਈ ਰਾਹੀਂ ਨਿਪਟਾਰੇ ਲਈ ਯੋਗ ਮਾਮਲਿਆਂ ਨੂੰ ਹੱਲ ਕੀਤਾ ਜਾਵੇਗਾ | ਅਜਿਹੇ ਮਾਮਲਿਆਂ 'ਚ ਵਿਆਹ ਸਬੰਧੀ ਵਿਵਾਦ, ਮੋਟਰ ਦੁਰਘਟਨਾ ਦਾਅਵੇ ਦੇ ਮਾਮਲੇ, ਸੇਵਾ ਵਿਵਾਦ, ਜ਼ਮੀਨ ਪ੍ਰਾਪਤੀ ਮਾਮਲੇ, ਖਪਤਕਾਰ ਮਾਮਲੇ ਤੇ ਹੋਰ ਸਿਵਲ ਵਿਵਾਦ ਸ਼ਾਮਿਲ ਹੋ ਸਕਦੇ ਹਨ, ਜੋ ਲੋਕ ਅਦਾਲਤ ਕਾਰਵਾਈਆਂ ਰਾਹੀਂ ਨਿਪਟਾਰੇ ਲਈ ਕਾਨੂੰਨ ਅਧੀਨ ਆਗਿਆ ਯੋਗ ਹਨ | ਇਹ ਪ੍ਰੀ-ਲੋਕ ਅਦਾਲਤ ਪਠਾਨਕੋਟ ਤੇ ਸਬੰਧਿਤ ਜਿਨ੍ਹਾਂ ਕੇਸਾਂ ਦੀ ਸੁਪਰੀਮ ਕੋਰਟ ਆਫ਼ ਇੰਡੀਆ ਵਲੋਂ ਮੁੱਖ ਦਫ਼ਤਰ ਐਸ.ਏ.ਐਸ. ਨਗਰ ਦਫ਼ਤਰ ਰਾਹੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਨੂੰ ਕੇਸਾਂ ਦੀ ਲਿਸਟ ਪ੍ਰਾਪਤ ਹੋਈ ਹੈ, ਉਨ੍ਹਾਂ ਕੇਸਾਂ 'ਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਦਫ਼ਤਰ ਵਲੋਂ ਦੋਵਾਂ ਧਿਰਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਠਾਨਕੋਟ ਵਲੋਂ ਪ੍ਰੀ-ਲੋਕ ਅਦਾਲਤਾਂ ਮਾਨਯੋਗ ਰਜਨੀਸ਼ ਗਰਗ ਜ਼ਿਲ੍ਹਾ ਤੇ ਸੈਸ਼ਨ ਜੱਜ ਪਠਾਨਕੋਟ ਦੀ ਅਗਵਾਈ ਵਿਚ ਲਗਾਈਆਂ ਜਾਣਗੀਆਂ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀਆਂ ਵਲੋਂ ਮਿਤੀ 31 ਮਈ 2026 ਤੱਕ ਪ੍ਰੀ-ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ |