ਗੁਰਦਾਸਪੁਰ, 4 ਜੂਨ (ਅਸ਼ੋਕ ਸ਼ਰਮਾ)-ਪੁਰਾਣਾ ਸ਼ਾਲਾ-ਚੱਕ ਸ਼ਰੀਫ ਨੰੂ ਜਾਣ ਵਾਲੀ ਮੁੱਖ ਸੜਕ 'ਤੇ ਥਾਣੇ ਨੇੜੇ ਪੈਂਦੇ ਪੈਟਰੋਲ ਪੰਪ ਦੇ ਸਾਹਮਣੇ ਪਿਛਲੇ ਇਕ ਮਹੀਨੇ ਤੋਂ ਰੁੱਖ ਹਨੇਰੀ ਨਾਲ ਡਿੱਗਿਆ ਪਿਆ ਹੈ ਤੇ ਵਾਹਨ ਚਾਲਕ ਹਨੇਰੇ 'ਚ ਅਚਾਨਕ ਵੱਜਣ ਨਾਲ ਸੱਟਾਂ ਵੀ ਲਗਵਾ ਰਹੇ ਹਨ | ਪਰ ਮਹਿਕਮਾ ਜੰਗਲਾਤ ਵਿਭਾਗ ਗੁਰਦਾਸਪੁਰ ਇਸ ਵੱਲ ਧਿਆਨ ਨਹੀਂ ਦੇ ਰਿਹਾ ਹੈ | ਜਿਸ ਕਰਕੇ ਇਲਾਕੇ ਦੇ ਲੋਕਾਂ ਦਾ ਮਹਿਕਮੇ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਲਿਖਤੀ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਆਗੂ ਵਿਪਨ ਵਰਮਾ ਪੁਰਾਣਾ ਸ਼ਾਲਾ ਨੇ ਦੱਸਿਆ ਕਿ ਪਿਛਲੇ ਮਹੀਨੇ ਆਈ ਤੇਜ਼ ਹਨੇਰੀ ਨਾਲ ਰੁੱਖ ਸੜਕ 'ਤੇ ਡਿੱਗ ਗਿਆ ਹੈ | ਇਸ ਨਾਲ ਰਸਤਾ ਵੀ ਜਾਮ ਹੋ ਗਿਆ ਤੇ ਪਿੰਡ ਵਾਸੀਆਂ ਨੇ ਖੁਦ ਰੁੱਖ ਦੀ ਕਟਾਈ ਕਰਕੇ ਰਸਤਾ ਬਹਾਲ ਕਰਵਾਇਆ ਸੀ | ਪਰ ਮਹਿਕਮਾ ਜੰਗਲਾਤ ਵਿਭਾਗ ਸਭ ਕੁਝ ਜਾਣਦਾ ਹੋਇਆ ਮੂਕ ਦਰਸ਼ਕ ਬਣਿਆ ਹੈ | ਉਨ੍ਹਾਂ ਦੱਸਿਆ ਕਿ ਇਸ ਰੁੱਖ ਨੰੂ ਚੁਕਵਾਉਣ ਲਈ ਵਣ ਰੇਂਜ ਅਫ਼ਸਰ ਗੁਰਦਾਸਪੁਰ ਨੰੂ ਵੀ ਮਿਲੇ ਸਨ, ਉਹ ਵੀ ਇਸ ਪਾਸੇ ਧਿਆਨ ਨਹੀਂ ਦੇ ਰਹੇ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਸੜਕ 'ਤੇ ਡਿੱਗੇ ਰੁੱਖ ਚੁਕਵਾਉਣ ਲਈ ਵਣ ਰੇਂਜ ਅਫ਼ਸਰ ਨੰੂ ਹਦਾਇਤਾਂ ਕੀਤੀਆਂ ਜਾਣ |