ਧਾਰੀਵਾਲ, 4 ਜੂਨ (ਸਵਰਨ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਤੇ ਪਿ੍ੰਸੀਪਲ ਡਾ. ਗੁਰਜੀਤ ਸਿੰਘ ਦੀ ਦੇਖ-ਰੇਖ ਹੇਠ ਚੱਲ ਰਹੇ ਬਾਬਾ ਅਜੈ ਸਿੰਘ ਖਾਲਸਾ ਕਾਲਜ ਗੁਰਦਾਸਨੰਗਲ ਵਿਖੇ 'ਕਲਾਸ ਵਿਚ ਪ੍ਰਭਾਵਸਾਲੀ ਪੇਸ਼ਕਾਰੀ ਦਾ ਹੁਨਰ' ਵਿਸ਼ੇ 'ਤੇ ਫੈਕਲਟੀ ਵਿਕਾਸ ਪ੍ਰੋਗਰਾਮ ਸਫ਼ਲਤਾ ਪੂਰਵਕ ਕਰਵਾਇਆ ਗਿਆ | ਜ਼ਿਕਰਯੋਗ ਹੈ ਕਿ ਕਾਲਜ ਵਲੋਂ ਆਈ.ਸੀ.ਟੀ. ਅਕੈਡਮੀ ਜੰਮੂ ਨਾਲ ਸਾਈਨ ਕੀਤਾ ਹੋਇਆ ਹੈ | ਕਾਲਜ ਵਿਖੇ ਆਈ.ਸੀ.ਟੀ. ਅਕੈਡਮੀ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ ਗਿਆ | ਵਿਸ਼ਾ ਮਾਹਿਰ ਮਿਸਟਰ ਮੁਹੰਮਦ ਆਦਿਲ ਨੇ ਵੱਖ-ਵੱਖ ਸੈਸ਼ਨਾਂ ਦੌਰਾਨ ਅਧਿਆਪਕਾਂ ਨੂੰ ਬਹੁਮੁੱਲੀ ਜਾਣਕਾਰੀ ਪ੍ਰਦਾਨ ਕੀਤੀ | ਉਨ੍ਹਾਂ ਆਧੁਨਿਕ ਅਧਿਆਪਨ ਵਿਧੀਆਂ, ਖੋਜ ਕਾਰਜ, ਆਧੁਨਿਕ ਤਕਨੀਕਾਂ ਦੀ ਵਰਤੋਂ, ਅਧਿਆਪਕ-ਵਿਦਿਆਰਥੀ ਰਿਸ਼ਤਾ ਆਦਿ ਮਹੱਤਵਪੂਰਨ ਵਿਸ਼ਿਆਂ 'ਤੇ ਗੱਲਬਾਤ ਕੀਤੀ | ਪਿ੍ੰਸੀਪਲ ਡਾ. ਗੁਰਜੀਤ ਸਿੰਘ ਨੇ ਦੱਸਿਆ ਕਿ ਅਧਿਆਪਨ ਕਾਰਜ ਨੂੰ ਨਿਖਾਰਨ ਤੇ ਸਮੇਂ ਦਾ ਹਾਣੀ ਬਣਾਉਣ ਦੇ ਉਦੇਸ਼ ਨਾਲ ਇਹ ਫੈਕਲਟੀ ਵਿਕਾਸ ਪ੍ਰੋਗਰਾਮ ਕੀਤਾ ਗਿਆ, ਜਿਸ 'ਚ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨੇ ਉਤਸ਼ਾਹ ਭਰਪੂਰ ਹਿੱਸਾ ਲਿਆ | ਉਨ੍ਹਾਂ ਪ੍ਰੋਗਰਾਮ ਦੇ ਵਿਸ਼ਾ ਮਾਹਿਰ ਸ੍ਰੀ ਮੁਹੰਮਦ ਆਦਿਲ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ | ਉਨ੍ਹਾਂ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋਫ਼ੈਸਰ ਸੁਰੇਖਾ ਸ਼ਰਮਾ ਨੂੰ ਪ੍ਰੋਗਰਾਮ ਦੀ ਸਫ਼ਲਤਾ ਪੂਰਵਕ ਸੰਪੰਨਤਾ 'ਤੇ ਵਧਾਈ ਦਿੱਤੀ | ਇਸ ਮੌਕੇ ਕਾਲਜ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |