ਬਟਾਲਾ, 6 ਮਈ (ਸਤਿੰਦਰ ਸਿੰਘ)-ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਵਿਧਾਨ ਸਭਾ ਹਲਕਾ ਬਟਾਲਾ ਵਿਚ ਦਿਨੋ-ਦਿਨ ਵਧੀਆ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਲੋਕ ਤੇ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨੂੰ ਸਮਰਥਨ ਦੇ ਰਹੇ ਹਨ। ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਤੋਂ ਉਚਾਟ ਤੋਂ ਦੁਖੀ ਹੋ ਚੁੱਕੇ ਲੋਕ ਹੁਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਸ਼੍ਰੀ ਖਡੂਰ ਸਾਹਿਬ ਦੀ ਵਿਚਾਰਧਾਰਾ ਦਾ ਸਾਥ ਦੇਣ ਦਾ ਮਨ ਬਣਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦੇ ਸੀਨੀਅਰ ਆਗੂਆਂ ਪ੍ਰਿਥੀਪਾਲ ਸਿੰਘ ਬਟਾਲਾ ਮੈਂਬਰ ਕੋਰ ਕਮੇਟੀ ਤੇ ਇੰਚਾਰਜ ਵਿਧਾਨ ਸਭਾ ਹਲਕਾ ਬਟਾਲਾ, ਸੁਖਦੇਵ ਸਿੰਘ ਠੱਕਰਸੰਧੂ ਕਾਦੀਆਂ ਪ੍ਰਧਾਨ ਪੰਜਾਬ ਯੂਥ, ਬੀਬੀ ਅਮਨਦੀਪ ਕੌਰ ਰੰਧਾਵਾ ਗੁਰਦਾਸਪੁਰ ਸੀ. ਮੀਤ ਪ੍ਰਧਾਨ ਮਹਿਲਾ ਵਿੰਗ ਅਤੇ ਮਨਜਿੰਦਰ ਸਿੰਘ ਬੱਲ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦਿਹਾਤੀ ਨੇ ਕੀਤਾ। ਸ: ਪ੍ਰਿਥੀਪਾਲ ਸਿੰਘ ਬਟਾਲਾ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਸਰਕਾਰ ਭਾਰੀ ਬਹੁਮਤ ਨਾਲ ਚੁਣੇ ਹੋਏ ਲੋਕ ਨੁਮਾਇੰਦੇ, ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨਾਲ ਜ਼ਿਆਦਤੀ ਕਰ ਰਹੀਆਂ ਹਨ, ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਉਣ ਦਾ ਮਨ ਬਣਾ ਚੁੱਕੇ ਹਨ। ਠੱਕਰਸੰਧੂ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਵਿਚਾਰਧਾਰਾ ਦਾ ਹਾਮੀ ਹੋ ਚੁੱਕਾ ਹੈ। ਇਸ ਵਕਤ ਪੰਜਾਬ ਦਾ ਨੌਜਵਾਨ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਖੜਾ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਮਾਰ ਦਾ ਸਭ ਤੋਂ ਵੱਧ ਸੰਤਾਪ ਸਾਡੀਆਂ ਮਾਵਾਂ-ਭੈਣਾਂ ਭੋਗ ਰਹੀਆਂ ਹਨ ਅਤੇ ਇਸ ਕਰ ਕੇ ਉਹ ਆਪਣੇ ਪੁੱਤਾਂ ਨੂੰ ਬਚਾਉਣ ਲਈ ਭਾਈ ਅੰਮ੍ਰਿਤਪਾਲ ਸਿੰਘ ਦੀ ਉਡੀਕ ਕਰ ਰਹੀਆਂ ਹਨ। ਸ: ਬੱਲ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਰਾਹ ਕੋਈ ਨਹੀਂ ਰੋਕ ਸਕਦਾ, ਹੁਣ ਪੰਜਾਬ ਦਾ ਅਗਲਾ ਲੋਕ ਆਗੂ ਉਹੀ ਹੋਣਗੇ। ਪ੍ਰਿਥੀਪਾਲ ਸਿੰਘ ਤੇ ਬੱਲ ਨੇ ਦੱਸਿਆ ਕਿ ਅੱਜ 7 ਜੂਨ ਨੂੰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਬਟਾਲਾ ਕਲੱਬ ਵਿਚ ਸਵੇਰੇ 10 ਵਜੇ ਪ੍ਰੈੱਸਵਾਰਤਾ ਰੱਖੀ ਗਈ ਹੈ, ਜਿਸ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇ. ਤਰਸੇਮ ਸਿੰਘ ਖਾਲਸਾ ਅਤੇ ਹੋਰ ਸੀਨੀਅਰ ਆਗੂ ਸੰਬੋਧਨ ਕਰਨਗੇ। ਇਸ ਮੌਕੇ ਬਟਾਲਾ ਵਿਚੋਂ ਵੱਡੀ ਗਿਣਤੀ ਵਿਚ ਵੱਡੀਆਂ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਵਿਚ ਸ਼ਾਮਿਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਪਾਰਟੀ ਵਲੋਂ ਕਸਬਾ ਪੰਜਗਰਾਈਆਂ ਵਿਖੇ 11 ਵਜੇ ਇਕ ਵੱਡੀ ਲੋਕ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਵਰਕਰ ਸ਼ਾਮਿਲ ਹੋਣਗੇ। ਇਸ ਮੀਟਿੰਗ ਨੂੰ ਜਥੇਦਾਰ ਤਰਸੇਮ ਸਿੰਘ ਖਾਲਸਾ, ਅਮਰਜੀਤ ਸਿੰਘ ਵਿੰਨਝੜੀ, ਪਰਮਜੀਤ ਸਿੰਘ ਜੌਹਲ ਕੋਆਰਡੀਨੇਟਰ ਪਾਰਟੀ ਆਦਿ ਤੋਂ ਇਲਾਵਾ ਹੋਰ ਸੀਨੀਅਰ ਆਗੂ ਸੰਬੋਧਨ ਕਰਨਗੇ।