ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ 2027 ਦੀਆਂ ਚੋਣਾਂ ਲੜਾਂਗੇ : ਹਲਕਾ ਇੰਚਾਰਜ ਜਥੇਦਾਰ ਜੌਲੀ
ਅਜੀਤ ਡੈਸਕ
07-06-2026
ਫ਼ਤਹਿਗੜ੍ਹ ਚੂੜੀਆਂ, 6 ਜੂਨ (ਅਵਤਾਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ 2027 ਦੀਆਂ ਚੋਣਾਂ ਲੜਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਥਾਪੇ ਇੰਚਾਰਜ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਕਾਲਾ ਅਫਗਾਨਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਲੋਕ ਪਹਿਲਾਂ ਰਵਾਇਤੀ ਪਾਰਟੀਆਂ ਦੇ ਰਾਜਭਾਗ ਤੋਂ ਤੰਗ ਆ ਚੁੱਕੇ ਸਨ ਅਤੇ ਇਕ ਨਵੇਂ ਬਦਲਾਅ ਦੀ ਭਾਵਨਾ ਨੂੰ ਲੈ ਕੇ ਆਮ ਆਦਮੀ ਪਾਰਟੀ ਨੂੰ ਇਤਿਹਾਸਿਕ ਜਿੱਤ ਨਾਲ ਪੰਜਾਬ ਦੀ ਸੱਤਾ ਉੱਪਰ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ‘ਆਪ’ ਨੇ ਬਦਲਾਅ ਤਾਂ ਕੀ ਕਰਨਾ ਸੀ, ਲੋਕ ਪਹਿਲਾਂ ਨਾਲੋਂ ਵੀ ਪ੍ਰੇਸ਼ਾਨ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਗ੍ਹਾ-ਜਗ੍ਹਾ ਚੋਰੀਆਂ, ਡਕੈਤੀਆਂ, ਕਤਲੇਆਮ ਅਤੇ ਮਾਰੂ ਨਸ਼ਿਆਂ ਨੇ ਪੰਜਾਬ ਵਿਚ ਵੱਡਾ ਨਿਘਾਰ ਪੈਦਾ ਕਰ ਦਿੱਤਾ ਹੈ। ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੈ, ਪੰਜਾਬ ਦੀ ਨੌਜਵਾਨੀ ਸਮਾਜਿਕ ਕੁਰੀਤੀਆਂ ਵਾਲੇ ਪਾਸੇ ਜਾ ਚੁੱਕੀ ਹੈ, ਜਿਸ ਨੂੰ ਸੰਭਾਲਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਬੇਰੁਜ਼ਗਾਰੀ ਨੇ ਨੌਜਵਾਨਾਂ ਦੇ ਸੁਪਨੇ ਅਤੇ ਮਾਪਿਆਂ ਦੀਆਂ ਆਸਾਂ ਨੂੰ ਹਨੇਰੇ ‘ਚ ਧਕੇਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪਾਰਟੀ ਨਾਲ ਪਿਆਰ ਸਤਿਕਾਰ ਰੱਖਣ ਵਾਲੇ ਲੋਕਾਂ ਦੀ ਰਾਏ ਨਾਲ ਹਲਕਾ ਫ਼ਤਹਿਗੜ੍ਹ ਚੂੜੀਆਂ ਤੋਂ ਵਿਧਾਨ ਸਭਾ ਦੀ ਚੋਣ ਲੜੀ ਜਾਵੇਗੀ, ਜਿਸ ਲਈ ਅਗਲੇ ਦਿਨਾਂ ਤੱਕ ਲੜੀਵਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਕਰ ਦਿੱਤਾ ਜਾਵੇਗਾ ਤੇ ਹਲਕੇ ਦੇ ਚੰਗੇ ਲੋਕਾਂ ਨਾਲ ਸਲਾਹ ਮਸ਼ਵਰਾ ਕਰ ਕੇ ਪਾਰਟੀ ਨੂੰ ਮਜ਼ਬੂੁਤ ਬਣਾਇਆ ਜਾਵੇਗਾ। ਇਸ ਮੌਕੇ ਹਰਪਾਲ ਸਿੰਘ ਬਲੇਰ, ਜਨਰਲ ਸਕੱਤਰ ਜਸਬੀਰ ਸਿੰਘ ਬਜੜਾ, ਸੁਖਜਿੰਦਰ ਸਿੰਘ ਕਾਜ਼ਨਪੁਰ, ਡਾ. ਸੁਗਰਾਸ ਸਿੰਘ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਜਗਦੀਸ਼ ਸਿੰਘ ਕਾਲਾ ਅਫਗਾਨਾ, ਹਰਜੀਤ ਸਿੰਘ ਮੀਆਂਪੁਰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।