ਘੁਮਾਣ, 10 ਜੂਨ (ਬੰਮਰਾਹ)-ਥਾਣਾ ਘੁਮਾਣ ਅਧੀਨ ਆਉਂਦੇ ਪਿੰਡ ਅੱਤੇਪੁਰ ਵਿਖੇ ਖੇਤਾਂ 'ਚ ਪਾਇਪ ਪਾਉਣ ਨੂੰ ਲੈ ਕੇ ਗੋਲੀ ਚੱਲ ਗਈ | ਇਸ ਸਬੰਧੀ ਥਾਣਾ ਘੁਮਾਣ ਅਧੀਨ ਆਉਂਦੀ ਪੁਲਿਸ ਚੌਕੀ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਅੱਤੇਪੁਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ | ਬਿਆਨਾਂ ਵਿਚ ਉਨ੍ਹਾਂ ਦੱਸਿਆ ਕਿ ਉਹ ਆਪਣੀ ਜ਼ਮੀਨ ਦੇ ਨਾਲੋਂ ਦੀ ਲੰਘਦੇ ਰਸਤੇ 'ਚ ਦੀ ਪਾਇਪ ਪਾ ਰਹੇ ਸਨ ਤਾਂ ਕਿ ਦੂਸਰੇ ਪਾਸੇ ਲਗਦੀ ਜ਼ਮੀਨ ਨੂੰ ਪਾਣੀ ਲਗਾ ਸਕਣ | ਸ਼ਾਮ 6:30 ਵਜੇ ਦੇ ਕਰੀਬ ਸਰਬਜੀਤ ਸਿੰਘ, ਰਛਪਾਲ ਸਿੰਘ ਤੇ ਰਜਵੰਤ ਕੌਰ ਮੇਰੇ ਘਰ ਦੇ ਸਾਹਮਣੇ ਰਸਤੇ 'ਤੇ ਆ ਕੇ ਗਾਲੀ-ਗਲੋਚ ਕਰਨ ਲੱਗ ਪਏ ਤੇ ਸ਼ਰੇਆਮ ਮਾਰ ਦੇਣ ਦੀਆਂ ਧਮਕੀਆਂ ਦੇਣ ਲੱਗ ਪਏ | ਅਸੀਂ ਪਾਇਪ ਉੱਥੇ ਛੱਡ ਕੇ ਆਪਣੇ ਘਰ ਨੂੰ ਚੱਲ ਪਏ | ਇਸੇ ਦੌਰਾਨ ਸਰਬਜੀਤ ਸਿੰਘ ਨੇ ਆਪਣੀ 12 ਬੋਰ ਦੀ ਰਾਈਫਲ ਨਾਲ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੇ ਵੱਲ 2 ਗੋਲੀਆਂ ਚਲਾਈਆਂ, ਇਸ ਦੌਰਾਨ ਮੈਂ ਖੇਤਾਂ ਵਿਚ ਲੰਮੇ ਪੈ ਕੇ ਆਪਣੀ ਜਾਨ ਬਚਾਈ | ਸਤਨਾਮ ਸਿੰਘ ਨੇ ਦੱਸਿਆ ਕਿ ਮੇਰੀ ਜ਼ਮੀਨ ਦੇ ਨਾਲ ਰਸਤਾ ਲਗਦਾ ਹੈ ਤੇ ਰਸਤੇ ਦੇ ਦੂਸਰੇ ਪਾਸੇ 2 ਕਨਾਲ 13 ਮਰਲੇ ਜ਼ਮੀਨ ਲਗਦੀ ਹੈ, ਜਿਸ ਨੂੰ ਪਾਣੀ ਲਾਉਣ ਲਈ ਦਿੱਕਤ ਆਉਂਦੀ ਸੀ | ਉਨ੍ਹਾਂ ਕਿਹਾ ਕਿ ਇਹ ਜ਼ਮੀਨ ਸਰਬਜੀਤ ਸਿੰਘ ਹੁਣਾਂ ਦੇ ਖੇਤਾਂ ਨਾਲ ਲਗਦੀ ਹੈ ਤੇ ਉਹ ਚਾਹੁੰਦੇ ਹਨ ਕਿ ਇਹ ਜ਼ਮੀਨ ਸਾਨੂੰ ਵੇਚ ਦੇਵੇ, ਜਿਸ ਕਰਕੇ ਸਾਨੂੰ ਤੰਗ-ਪ੍ਰੇਸ਼ਾਨ ਕਰਦੇ ਹਨ। ਚੌਕੀ ਇੰਚਾਰਜ ਸਤਨਾਮ ਸਿੰਘ ਊਧਨਵਾਲ ਨੇ ਦੱਸਿਆ ਕਿ ਸਤਨਾਮ ਸਿੰਘ ਦੇ ਬਿਆਨਾਂ 'ਤੇ ਸਰਬਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ, ਰਛਪਾਲ ਸਿੰਘ ਪੁੱਤਰ ਪ੍ਰੀਤਮ ਸਿੰਘ ਤੇ ਰਜਵੰਤ ਕੌਰ ਪਤਨੀ ਸਰਬਜੀਤ ਸਿੰਘ ਪਿੰਡ ਅੱਤੇਪੁਰ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਇਸ ਮੁਕੱਦਮੇ 'ਚ ਦੋਸ਼ੀ ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ 2 ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਸਾਰੀ ਘਟਨਾ ਦੀ ਸਤਨਾਮ ਸਿੰਘ ਧਿਰ ਨੇ ਬਣਾਈ ਮੋਬਾਇਲ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਦਿਖਾਈ ਦੇ ਰਿਹਾ ਹੈ ਕਿ ਇਕ ਵਿਅਕਤੀ ਆਪਣੀ 12 ਬੋਰ ਦੀ ਬੰਦੂਕ ਨਾਲ 2 ਗੋਲੀਆਂ ਸਿੱਧੀਆਂ ਸਾਹਮਣੇ ਧਿਰ 'ਤੇ ਮਾਰ ਰਿਹਾ ਹੈ। ਇਸ ਗੋਲੀ ਚੱਲਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ।