25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਬਾਵਾ ਨਾਗ਼ਾ ਵਿਖੇ ਸਥਿਤ ਬਾਲੀਵੁੱਡ ਸਟਾਰ ਦੇਵ ਆਨੰਦ ਯਾਦਗਾਰੀ ਨੇਚਰ ਪਾਰਕ 'ਚ ਭੰਨਤੋੜ, ਪ੍ਰਸੰਸਕਾਂ 'ਚ ਰੋਸ

ਅਜੀਤ ਡੈਸਕ 14-06-2026
ਘਰੋਟਾ, 13 ਜੂਨ (ਸੰਜੀਵ ਗੁਪਤਾ)-ਬਾਵਾ ਨਾਗ਼ਾ ਵਿਖੇ ਬਾਲੀਵੁੱਡ ਦੇ ਮਹਾਨ ਅਦਾਕਾਰ ਦੇਵ ਆਨੰਦ ਦੀ ਯਾਦ ਵਿਚ ਵਣ ਵਿਭਾਗ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਯਾਦਗਾਰੀ ਨੇਚਰ ਪਾਰਕ ਵਿਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਘਟਨਾ ਕਾਰਨ ਦੇਵ ਆਨੰਦ ਦੇ ਪ੍ਰਸੰਸਕਾਂ ਅਤੇ ਇਲਾਕਾ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਸ਼ਰਾਰਤੀ ਅਨਸਰਾਂ ਨੇ ਪਾਰਕ ਵਿਚ ਲਗਾਏ ਗਏ ਦੇਵ ਆਨੰਦ ਦੇ ਪੋਸਟਰ ਅਤੇ ਉਨ੍ਹਾਂ ਦੀ ਜੀਵਨੀ ਸਬੰਧੀ ਜਾਣਕਾਰੀ ਵਾਲੇ ਬੋਰਡ ਨੂੰ ਨੁਕਸਾਨ ਪਹੁੰਚਾਇਆ | ਇਸ ਤੋਂ ਇਲਾਵਾ ਉੱਥੇ ਸਥਾਪਿਤ ਉਦਘਾਟਨੀ ਪੱਥਰ ਦੀ ਕੰਧ ਨੂੰ ਵੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ | ਇਸ ਘਟਨਾ ਤੋਂ ਬਾਅਦ ਦੇਵ ਆਨੰਦ ਦੇ ਪ੍ਰਸੰਸਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਤੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ | ਜ਼ਿਕਰਯੋਗ ਹੈ ਕਿ ਬਾਲੀਵੁੱਡ ਸਟਾਰ ਦੇਵ ਆਨੰਦ ਦਾ ਪਿਛੋਕੜ ਘਰੋਟਾ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਨੇ ਆਪਣੇ ਲਗਪਗ 60 ਸਾਲਾਂ ਦੇ ਫ਼ਿਲਮੀ ਕਰੀਅਰ ਦੌਰਾਨ ਅਨੇਕਾਂ ਯਾਦਗਾਰ ਫ਼ਿਲਮਾਂ ਵਿਚ ਸ਼ਾਨਦਾਰ ਅਦਾਕਾਰੀ ਕਰਕੇ ਇਕ ਵੱਖਰੀ ਪਛਾਣ ਬਣਾਈ | ਉਨ੍ਹਾਂ ਨੂੰ ਭਾਰਤੀ ਸਿਨੇਮਾ ਵਿਚ ਵਿਸ਼ੇਸ਼ ਯੋਗਦਾਨ ਲਈ ਦਾਦਾ ਸਾਹਿਬ ਫਾਲਕੇ ਐਵਾਰਡ ਅਤੇ ਪਦਮ ਭੂਸ਼ਨ ਸਨਮਾਨ ਨਾਲ ਵੀ ਨਿਵਾਜਿਆ ਗਿਆ, ਜਿਸ ਨਾਲ ਘਰੋਟਾ, ਜ਼ਿਲ੍ਹਾ ਪਠਾਨਕੋਟ ਅਤੇ ਪੰਜਾਬ ਦਾ ਨਾਮ ਦੇਸ਼-ਵਿਦੇਸ਼ ਵਿਚ ਰੌਸ਼ਨ ਹੋਇਆ | ਦੇਵ ਆਨੰਦ ਦੀਆਂ ਯਾਦਾਂ ਨੂੰ ਸਾਂਭ ਕੇ ਰੱਖਣ ਅਤੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਵਣ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਇਸ ਯਾਦਗਾਰੀ ਨੇਚਰ ਪਾਰਕ ਦਾ ਨਿਰਮਾਣ ਕਰਵਾਇਆ ਗਿਆ ਸੀ | ਇਸ ਮੌਕੇ ਸਾਹਿਤਕਾਰ ਨਰੇਸ਼ ਸ਼ਰਮਾ ਦੀਨਾਨਗਰੀ, ਜੇ.ਕੇ. ਪੰਗੋਤਰਾ, ਐਸ. ਕੁਮਾਰ ਅਤੇ ਹੋਰ ਬੁੱਧੀਜੀਵੀਆਂ ਨੇ ਪਾਰਕ ਦੇ ਨਿਰਮਾਣ ਲਈ ਕੈਬਨਿਟ ਮੰਤਰੀ ਅਤੇ ਪ੍ਰਸ਼ਾਸਨ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਇਸ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੇ ਬਰਾਬਰ ਹਨ | ਉੱਧਰ ਸਰਪੰਚ ਸੰਜੀਵ ਕੁਮਾਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਠਾਕੁਰ ਭੁਪਿੰਦਰ ਸਿੰਘ ਤੇ ਸਮੂਹ ਪੰਚਾਇਤ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਪ੍ਰਸ਼ਾਸਨ ਤੋਂ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਨੂੰਨ ਦੇ ਘੇਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਤੋਂ ਬਿਜਲੀ ਉਤਪਾਦਨ ਵਧਾਉਣ ਨਾਲ ਸ਼ਾਹਪੁਰ ਕੰਢੀ ਦੀ ਝੀਲ ਦਾ ਪੱਧਰ 401.15 ਮੀਟਰ ਪਹੁੰਚਿਆ ਅਗਲੀ ਖ਼ਬਰ ਪੰਜਾਬ ਸਟੇਟ ਟਰੇਡਰ ਕਮਿਸ਼ਨ ਦੀ ਮੀਟਿੰਗ, ਵਪਾਰੀਆਂ ਦੇ ਕਈ ਮਸਲੇ ਮੌਕੇ 'ਤੇ ਹੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।