01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਕਥਲੌਰ ਰਾਵੀ ਦਰਿਆ ’ਤੇ ਧੁੱਸੀ ਬੰਨ੍ਹ ਨਾ ਬਣਨ ਕਾਰਨ ਲੋਕਾਂ ’ਚ ਭਾਰੀ ਰੋਸ-ਪ੍ਰਸ਼ਾਸਨ ਬੇਖਬਰ

ਅਜੀਤ ਡੈਸਕ 24-06-2026
ਤਾਰਾਗੜ੍ਹ, 23 ਜੂਨ (ਸੋਹਨ ਲਾਲ)-ਜੁਲਾਈ ਮਹੀਨੇ ਮੌਨਸੂਨ ਸ਼ੁਰੂ ਹੋ ਰਿਹਾ ਹੈ ਪਰ ਪਿਛਲੇ ਸਾਲ 25 ਅਗਸਤ ਨੂੰ ਭੋਆ ਵਿਧਾਨ ਸਭਾ ਹਲਕੇ ਦੇ ਅਧੀਨ ਪੈਂਦੇ ਪਿੰਡ ਕਥਲੌਰ ਪੁਲ ਨੇੜੇ ਰਾਵੀ ਦਰਿਆ ’ਤੇ ਬਣਿਆ ਧੁੱਸੀ ਬੰਨ੍ਹ ਜੋ ਰੁੜ੍ਹ ਗਿਆ ਸੀ, ਉਹ ਅਜੇ ਤੱਕ ਨਹੀਂ ਬਣ ਸਕਿਆ। ਇਸ ਨੂੰ ਲੈ ਕੇ ਜਿੱਥੇ ਸਿਆਸਤ ਭਖਦੀ ਨਜ਼ਰ ਆ ਰਹੀ ਹੈ ਉੱਥੇ ਰਾਵੀ ਦਰਿਆ ਕੰਢੇ ਰਹਿ ਰਹੇ ਲੋਕ ਹੜ੍ਹਾਂ ਦੇ ਸੰਭਾਵੀ ਖਤਰੇ ਕਾਰਨ ਸਹਿਮੇ ਹੋਏ ਹਨ। ਸਥਾਨਿਕ ਲੋਕਾਂ ਅੰਦਰ ਰੋਸ ਹੈ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ। ਦੱਸ ਦੇਈਏ ਪਿਛਲੇ ਸਾਲ ਰਾਵੀ ਦਰਿਆ ਵਿਚ ਆਏ ਹੜ੍ਹ ਨਾਲ ਸਭ ਤੋਂ ਵੱਧ ਨੁਕਸਾਨ ਪੁੱਜਾ ਸੀ ਅਤੇ ਬਹੁਤ ਸਾਰੀਆਂ ਦੁਕਾਨਾਂ ਹੜ੍ਹ ਦੀ ਲਪੇਟ ਵਿਚ ਆ ਗਈਆਂ ਸਨ। ਉਸ ਵੇਲੇ ਪ੍ਰਸ਼ਾਸਨ ਅਤੇ ਸਮਾਜਿਕ ਸੰਸਥਾਵਾਂ ਨੇ ਮਿਲ ਕੇ ਮਿੱਟੀ ਦੀਆਂ ਬੋਰੀਆਂ ਲਗਾ ਕੇ ਆਰਜ਼ੀ ਧੁੱਸੀ ਬੰਨ੍ਹ ਬਣਾਇਆ ਸੀ ਤਾਂ ਜੋ ਕੋਹਲੀਆਂ ਅੱਡੇ ਤੋਂ ਅੱਗੇ ਪੈਂਦੇ ਲਗਪਗ 40 ਦੇ ਕਰੀਬ ਪਿੰਡਾਂ ਵਿਚ ਹੜ੍ਹ ਦਾ ਪਾਣੀ ਨਾ ਜਾ ਸਕੇ। ਇਸ ਸੰਬੰਧੀ ਕੋਹਲੀਆਂ ਅੱਡੇ ਦੇ ਦੁਕਾਨਦਾਰ ਬਾਲ ਕਿਸ਼ਨ, ਗੋਪੀ ਚੰਦਰ, ਪਵਨ ਕੁਮਾਰ, ਮੋਨੂੰ, ਰਾਜੂ, ਰਿਸ਼ੂ, ਮਿੰਟੂ, ਪ੍ਰਮੋਦ ਕੁਮਾਰ ਤੇ ਜਤਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦਾ ਹੜ੍ਹ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ ਤੇ ਉਸ ਵੇਲੇ ਦੁਕਾਨਾਂ ਵੀ ਰੁੜ੍ਹ ਗਈਆਂ ਸਨ ਪਰ ਸਰਕਾਰ ਤੇ ਪ੍ਰਸ਼ਾਸਨ ਵਲੋਂ ਕੋਈ ਵੀ ਮਾਲੀ ਮਦਦ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਹੁਣ ਮੌਨਸੂਨ ਫਿਰ ਤੋਂ ਆਉਣ ਦਾ ਡਰ ਸਤਾਉਣ ਲੱਗ ਪਿਆ ਹੈ ਪਰ ਅਜੇ ਤੱਕ ਇੱਥੇ ਕੋਈ ਪੱਕਾ ਧੁੱਸੀ ਬੰਨ੍ਹ ਨਹੀਂ ਬਣਾਇਆ ਗਿਆ। ਦੁਕਾਨਦਾਰ ਬਾਲ ਕਿਸ਼ਨ ਨੇ ਦੱਸਿਆ ਕਿ ਪਿਛਲੇ ਸਾਲ ਜੋ ਇੱਥੇ ਮਿੱਟੀ ਦੀਆਂ ਬੋਰੀਆਂ ਦਾ ਆਰਜ਼ੀ ਧੁੱਸੀ ਬੰਨ੍ਹ ਬਣਾਇਆ ਗਿਆ ਸੀ, ਉਸ ਦੀਆਂ ਬੋਰੀਆਂ ਤੇ ਰੱਸੀਆਂ ਵੀ ਗਲ ਚੁੱਕੀਆਂ ਹਨ ਅਤੇ ਜੇਕਰ ਬਰਸਾਤ ਦਾ ਪਾਣੀ ਦਰਿਆ ਵਿਚ ਆਵੇਗਾ ਤਾਂ ਇਹ ਆਰਜ਼ੀ ਬੰਨ੍ਹ ਰੁੜ੍ਹ ਜਾਵੇਗਾ। ਕੋਹਲੀਆਂ ਅੱਡੇ ਦੇ ਦੁਕਾਨਦਾਰਾਂ ਤੇ ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਧੁੱਸੀ ਬੰਨ੍ਹ ਜਲਦੀ ਬਣਾਇਆ ਜਾਵੇ ਤਾਂ ਭਵਿੱਖ ਵਿਚ ਪਿਛਲੇ ਸਾਲ ਦੀ ਤਰ੍ਹਾਂ ਹੋਣ ਵਾਲੀ ਤਬਾਹੀ ਤੋਂ ਇਲਾਕੇ ਨੂੰ ਬਚਾਇਆ ਜਾ ਸਕੇ।
ਪਿਛਲੀ ਖ਼ਬਰ ਐਸ.ਆਈ.ਆਰ-2026 ਦੇ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਨੋਡਲ ਅਫਸਰਾਂ ਦੀ ਮੀਟਿੰਗ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਦੋਸ਼ੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।