04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਵੇਰਕਾ ਪਸ਼ੂ ਖੁਰਾਕ ਪਲਾਂਟ ਘਣੀਏ ਕੇ ਬਾਂਗਰ ਵਿਖੇ ਯੂਰੀਆ ਖਾਦ ਦਾ ਵੱਡਾ ਘਪਲਾ ਆਇਆ ਸਾਹਮਣੇ, ਮਾਮਲਾ ਦਰਜ

ਅਜੀਤ ਡੈਸਕ 04-07-2026
ਫਤਹਿਗੜ੍ਹ ਚੂੜੀਆਂ, 3 ਜੁਲਾਈ (ਅਵਤਾਰ ਸਿੰਘ ਰੰਧਾਵਾ)-ਵੇਰਕਾ ਪਸ਼ੂ ਖੁਰਾਕ ਪਲਾਂਟ ਘਣੀਏ ਕੇ ਬਾਂਗਰ ਵਿਖੇ ਪਸ਼ੂ ਖੁਰਾਕ ਵਿਚ ਵਰਤੀ ਜਾਣ ਵਾਲੀ ਯੂਰੀਆ ਖਾਦ ਦੀ ਜਾਂਚ ਤੇ ਘਪਲੇ ਨੂੰ ਲੈ ਕੇ ਪਿਛਲੇ ਦਿਨੀ ਕਿਸਾਨ ਜਥੇਬੰਦੀਆਂ ਵਲੋਂ ਮਾਮਲਾ ਉਠਾਇਆ ਗਿਆ ਸੀ। ਕਿਸਾਨਾਂ ਨੇ ਦੱਸਿਆ ਸੀ ਕਿ ਇਥੇ ਟੈਕਨੀਕਲੀ ਯੂਰੀਆ ਲਈ ਟੈਂਡਰ ਕੀਤੇ ਜਾਂਦੇ ਸਨ, ਟੈਕਨੀਕਲ ਯੂਰੀਆ ਦਾ ਰੇਟ ਲਗਭਗ 4200 ਤੋਂ 4400 ਦੇ ਪ੍ਰਤੀ ਬੈਗ ਦੇ ਕਰੀਬ ਹੈ, ਪਰ ਇਨ੍ਹਾਂ ਪਲਾਟਾਂ ਨੂੰ ਟੈਕਨੀਕਲੀ ਯੂਰੀਆ ਦੇ ਬੈਗਾਂ ’ਚ ਭਰ ਕੇ ਕਿਸਾਨੀ ਯੂਰੀਆ, ਜਿਸ ਦਾ ਰੇਟ ਲਗਭਗ 266 ਰੁਪਏ ਪ੍ਰਤੀ ਬੋਰੀ ਹੈ, ਇਹ ਯੂਰੀਆ ਇਨ੍ਹਾਂ ਪਲਾਂਟਾਂ ਨੂੰ 3350 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਸਪਲਾਈ ਕੀਤੀ ਜਾ ਰਹੀ ਸੀ। ਇਹ ਸਭ ਕੁਝ ਪਲਾਂਟਾਂ ਦੀ ਮਿਲੀਭੁਗਤ ਨਾਲ ਹੋ ਰਿਹਾ ਸੀ। ਇਸ ਸਬੰਧੀ ਕਿਸਾਨ ਜਥੇਬੰਦੀਆਂ ਨੇ ਬਾਰੀਕੀ ਨਾਲ ਛਾਣਬੀਣ ਕਰਕੇ ਇਹ ਘੁਟਾਲਾ ਪਰਦਾਫਾਸ਼ ਕਰਨ ਲਈ ਗੁਰਦਾਸਪੁਰ ਦੇ ਖੇਤੀਬਾੜੀ ਮੁੱਖ ਅਧਿਕਾਰੀ ਡਾ. ਸ਼ਹਿਬਾਜ ਸਿੰਘ ਚੀਮਾ ਦੇ ਧਿਆਨ ਵਿਚ ਲਿਆਂਦਾ, ਜਿਨ੍ਹਾਂ ਨੇ ਘਣੀਏ ਕੇ ਬਾਂਗਰ ਸਥਿਤ ਵੇਰਕਾ ਪਸ਼ੂ ਖੁਰਾਕ ਪਲਾਂਟ ਤੋਂ ਕਿਸਾਨ ਆਗੂਆਂ ਤੇ ਬਲਾਕ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਆਦਿ ਦੀ ਹਾਜ਼ਰੀ ’ਚ ਨਮੂਨੇ ਭਰੇ ਸਨ। ਭਰੇ ਗਏ ਇਨ੍ਹਾਂ ਨਮੂਨਿਆਂ ਦੀ ਰਿਪੋਰਟ ਮੁਤਾਬਕ ਇਹ ਯੂਰੀਆ ਟੈਕਨੀਕਲ ਨਹੀਂ, ਬਲਕਿ ਕਿਸਾਨਾਂ ਲਈ ਖੇਤੀਬਾੜੀ ’ਚ ਵਰਤਣ ਵਾਲੀ ਯੂਰੀਆ ਪਾਈ ਗਈ। ਜਾਹਿਰ ਹੈ ਕਿ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਹੋ ਰਹੇ ਵੱਡੇ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ, ਉੱਥੇ ਇਸ ਨਾਲ ਇੱਥੇ ਤਿਆਰ ਕੀਤੀ ਜਾਂਦੀ ਪਸ਼ੂ ਖੁਰਾਕ ਦਾ ਪਸ਼ੂਆਂ ਉੱਪਰ ਵੀ ਮਾੜਾ ਪ੍ਰਭਾਵ ਪੈਂਦਾ ਹੋਵੇਗਾ। ਉਪਰੰਤ ਐਸ.ਐਸ.ਪੀ. ਬਟਾਲਾ ਨੂੰ ਇਸ ਮਾਮਲੇ ਸਬੰਧੀ ਇਥੇ ਮਾਲ ਸਪਲਾਈ ਕਰਨ ਵਾਲੀਆਂ ਫਰਮਾਂ ਤੇ ਸੰਬੰਧਿਤ ਅਧਿਕਾਰੀਆਂ ਉੱਪਰ ਜਿਨਾਂ ਵਲੋਂ ਮਿਲ ਕੇ ਇਹ ਘੁਟਾਲਾ ਕੀਤਾ ਜਾ ਰਿਹਾ ਹੈ, ਉਨ੍ਹਾਂ ਉਪਰ ਛਾਣਬੀਣ ਕਰਕੇ ਕੇਸ ਦਰਜ ਕਰਨ ਲਈ ਲਿਖਤੀ ਤੌਰ ’ਤੇ ਕਿਹਾ ਗਿਆ ਸੀ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅੰਮ੍ਰਿਤਪਾਲ ਸਿੰਘ ਏ.ਡੀ.ਓ. ਇਨਫੋਰਸਮੈਂਟ ਦੇ ਬਿਆਨਾਂ ’ਤੇ ਐਸ.ਐਸ.ਪੀ. ਬਟਾਲਾ ਨੂੰ ਦਿੱਤੀ ਗਈ ਇਤਲਾਹ ਮੁਤਾਬਕ ਪੁਲਿਸ ਥਾਣਾ ਘਣੀਏ ਕੇ ਬਾਂਗਰ ਵਿਖੇ ਪਸ਼ੂ ਖੁਰਾਕ ਖੁਰਾਕ ਪਲਾਂਟ ਘਣੀਏ ਕੇ ਬਾਂਗਰ ਤੇ ਸਬੰਧਤ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕਰਨ ਉਪਰੰਤ ਅੱਜ ਇਥੇ ਪਹੁੰਚੇ ਖੇਤੀਬਾੜੀ ਅਫਸਰ ਡਾ. ਮਨਪ੍ਰੀਤ ਸਿੰਘ ਗੁਰਦਾਸਪੁਰ, ਹਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਗੁਰਦਾਸਪੁਰ, ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਫਤਹਿਗੜ੍ਹ ਚੂੜੀਆਂ, ਸਤਨਾਮ ਸਿੰਘ ਫੀਲਡ ਵਰਕਰ, ਐਸ.ਐਚ.ਓ. ਲਖਵਿੰਦਰ ਸਿੰਘ ਥਾਣਾ ਘਣੀਏ ਕੇ ਬਾਂਗਰ, ਚੌਕੀ ਇੰਚਾਰਜ ਚਰਨਜੀਤ ਸਿੰਘ ਦੀ ਹਾਜ਼ਰੀ ਵਿਚ ਉਨ੍ਹਾਂ ਦੱਸਿਆ ਕਿ ਇੱਥੇ ਅਗਲੇਰੀ ਕਾਰਵਾਈ ਕਰਦਿਆਂ ਉਨ੍ਹਾਂ ਨੇ 1740 ਯੂਰੀਆ ਖਾਦ ਦੇ ਬੈਗ ਕਬਜ਼ੇ ਵਿਚ ਲੈ ਲਏ ਹਨ। ਇਸ ਤੋਂ ਅੱਗੇ ਜੋ ਤੱਥ ਸਾਹਮਣੇ ਆਉਣਗੇ, ਉਸ ਸੰਬੰਧੀ ਕਾਰਵਾਈ ਹੋਵੇਗੀ।
ਮੈਨੇਜਰ ਤੇ ਕੁਆਲਿਟੀ ਮੈਨੇਜਰ ਸਮੇਤ ਜ਼ਿੰਮੇਵਾਰ ਅਮਲਾ ਰਿਹਾ ਅੱਖਾਂ ਤੋਂ ਓਹਲੇ : ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਵੇਰਕਾ ਪਸ਼ੂ ਖੁਰਾਕ ਪਲਾਂਟ ਘਣੀਏ ਕੇ ਬਾਂਗਰ ਦੇ ਡਿਪਟੀ ਮੈਨੇਜਰ ਜਤਿੰਦਰਪਾਲ ਸਿੰਘ, ਕੁਆਲਿਟੀ ਮੈਨੇਜਰ ਨਿਸ਼ਾਂਤ ਅਰੋੜਾ, ਪ੍ਰੋਡਕਸ਼ਨ ਮੈਨੇਜਰ ਸਤਕਿਰਤਪਾਲ ਸਿੰਘ, ਸਟੋਰ ਇੰਚਾਰਜ ਕਰਨਬੀਰ ਸਿੰਘ ਆਦਿ ਉਥੋਂ ਖਿਸਕਦੇ ਬਣੇ। ਫੋਨ ਉੱਤੇ ਰਾਬਤਾ ਕਰਨ ’ਤੇ ਡਿਪਟੀ ਮੈਨੇਜਰ ਨੇ 10:30 ਵਜੇ ਤੱਕ ਪਹੁੰਚਣ ਲਈ ਕਿਹਾ, ਪਰ ਉਹ ਕਰੀਬ ਢਾਈ ਵਜੇ ਤੱਕ ਉਨ੍ਹਾਂ ਦੀ ਕੁਰਸੀ ਖਾਲੀ ਰਹੀ।
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਪਿੰਡ ਚੌਧਰਪੁਰ ’ਚ 31 ਮੈਂਬਰੀ ਕਮੇਟੀ ਬਣੀ ਅਗਲੀ ਖ਼ਬਰ ਅਰੁਣ ਨਾਰੰਗ ਨੇ ਪਿੰਡ ਤੂਤਵਾਲਾ ’ਚ ਲੋਕ ਮਿਲਣੀ ਪ੍ਰੋਗਰਾਮ ਤਹਿਤ ਸਮੱਸਿਆਵਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।