ਪਠਾਨਕੋਟ, 14 ਜੁਲਾਈ (ਸੁਮਿਤ)-ਪਠਾਨਕੋਟ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਡਮਟਾਲ-ਭਦਰੋਆ ਖੇਤਰ ’ਚ ਜੰਗਲਾਤ ਵਿਭਾਗ ਨੇ ਗੈਰ-ਕਾਨੂੰਨੀ ਲੱਕੜ ਦੀ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਕੀਮਤੀ ਦਰੱਖਤਾਂ ਦੀ ਲੱਕੜ ਨਾਲ ਭਰੇ 2 ਟਰੱਕ ਜ਼ਬਤ ਕਰ ਲਏ। ਇਸ ਕਾਰਵਾਈ ਦੌਰਾਨ ਹਿਮਾਚਲ ਪ੍ਰਦੇਸ਼ ਪੁਲਿਸ ਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਰਹੇ। ਰੇਂਜ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਇਲਾਕੇ ਤੋਂ ਕੀਮਤੀ ਦਰੱਖਤਾਂ ਦੀ ਲੱਕੜ ਦੀ ਖੇਪ ਗੈਰ-ਕਾਨੂੰਨੀ ਢੰਗ ਨਾਲ ਟਰੱਕਾਂ ਰਾਹੀਂ ਪਠਾਨਕੋਟ ਲਿਆਂਦੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਜੰਗਲਾਤ ਵਿਭਾਗ ਦੀ ਟੀਮ ਨੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਸਹਿਯੋਗ ਨਾਲ ਭਦਰੋਆ ਖੇਤਰ ’ਚ ਨਾਕਾਬੰਦੀ ਕਰਕੇ ਕਾਰਵਾਈ ਨੂੰ ਅੰਜਾਮ ਦਿੱਤਾ। ਜਾਂਚ ਦੌਰਾਨ ਦੋਵੇਂ ਟਰੱਕਾਂ ਦੀ ਤਲਾਸ਼ੀ ਲੈਣ ‘ਤੇ ਉਨ੍ਹਾਂ ’ਚੋਂ ਵੱਡੀ ਮਾਤਰਾ ਵਿਚ ਕੀਮਤੀ ਲੱਕੜ ਬਰਾਮਦ ਹੋਈ। ਜੰਗਲਾਤ ਵਿਭਾਗ ਨੇ ਦੋਵੇਂ ਟਰੱਕਾਂ ਤੇ ਲੱਕੜ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰੇਂਜ ਅਫ਼ਸਰ ਨੇ ਕਿਹਾ ਕਿ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਹ ਪਤਾ ਲੱਗ ਸਕੇ ਕਿ ਲੱਕੜ ਕਿੱਥੋਂ ਕੱਟੀ ਗਈ ਸੀ ਤੇ ਇਸ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ। ਉਨ੍ਹਾਂ ਕਿਹਾ ਕਿ ਜੰਗਲਾਤ ਸੰਪਦਾ ਦੀ ਤਸਕਰੀ ਤੇ ਗੈਰ-ਕਾਨੂੰਨੀ ਕੱਟਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੰਗਲਾਤ ਵਿਭਾਗ ਨੇ ਕਿਹਾ ਕਿ ਅਜਿਹੇ ਗੈਰ-ਕਾਨੂੰਨੀ ਧੰਦਿਆਂ ‘ਤੇ ਰੋਕ ਲਗਾਉਣ ਲਈ ਅੱਗੇ ਵੀ ਵਿਸ਼ੇਸ਼ ਮੁਹਿੰਮ ਜਾਰੀ ਰਹੇਗੀ।