ਗੁਰਦਾਸਪੁਰ, 20 ਜੁਲਾਈ (ਅਸ਼ੋਕ ਸ਼ਰਮਾ)-ਅੱਜ ਸਵੇਰੇ ਹੋਈ ਇਕ ਘੰਟਾ ਤੇਜ ਬਾਰਿਸ਼ ਨਾਲ ਜਿਥੇ ਸ਼ਹਿਰ ਅੰਦ ਬਣੀਆਂ ਨਵੀਆਂ ਸੜਕਾਂ ਦੇ ਜਲਦ ਟੁੱਟਣ ਦਾ ਖਦਸ਼ਾ ਬਣਿਆ ਹੈ, ਉਥੇ ਸ਼ਹਿਰ ਅੰਦਰ ਜਲਥਲ ਹੋ ਗਿਆ। ਜਿਸ ਨਾਲ ਆਵਾਜਾਈ ’ਤੇ ਮਾੜਾ ਅਸਰ ਪਿਆ ਹੈ ਅਤੇ ਰੇਲਵੇ ਰੋਡ ’ਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਾਂ ਅੰਦਰ ਪਾਣੀ ਭਰ ਗਿਆ ਹੈ, ਜਿਸ ਨਾਲ ਉਨ੍ਹਾਂ ਦੇ ਸਮਾਨ ਦੇ ਨੁਕਸਾਨ ਦੇ ਨਾਲ ਨਾਲ ਦੁਕਾਨਾਂ ਵੀ ਬੰਦ ਕਰਨੀਆਂ ਪਈਆਂ। ਇਸ ਸਬੰਧੀ ਰੇਲਵੇ ਲਾਈਨ ਰੋਡ ਦੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਨੇ ਸੜਕਾਂ ਦੀ ਉਸਾਰੀ ਕਰਵਾ ਦਿੱਤੀ ਹੈ ਤੇ ਸੜਕਾਂ ਦੇ ਆਲੇ ਦੁਆਲੇ ਸੀਵਰੇਜ ਦਾ ਕੋਈ ਵੀ ਕੰਮ ਨਹੀਂ ਕਰਵਾਇਆ। ਜਿਸ ਨਾਲ ਦੁਕਾਨਦਾਰ ਤੇ ਆਮ ਜਨਤਾ ਪਾਣੀ ਦੇ ਨਿਕਾਸ ਤੋਂ ਕਾਫੀ ਦੁਖੀ ਹਨ। ਇਸ ਬਰਸਾਤ ਨਾਲ ਨੀਵੇਂ ਮੁਹੱਲਿਆਂ ’ਚ ਵੀ ਪਾਣੀ ਭਰ ਗਿਆ, ਉਥੇ ਹੀ ਸੜਕਾਂ ਪਾਣੀ ਨਾਲ ਭਰ ਗਈਆਂ। ਜਿਸ ਨਾਲ ਪੈਦਲ ਚੱਲਣ ਵਾਲੇ ਰਾਹਗੀਰਾਂ ਦੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਸ਼ਹਿਰ ’ਚ ਲੋਕ ਨਿਰਮਾਣ ਵਿਭਾਗ ਵਲੋਂ ਅਜੇ ਵੀ ਅੱਧੀਆਂ ਸੜਕਾਂ ਦਾ ਕੰਮ ਅਧੂਰਾ ਛੱਡਿਆ ਹੈ ਤੇ ਇਸ ਨਾਲ ਸੜਕਾਂ ਵਿਚ ਭਰ ਜਾਂਦੇ ਪਾਣੀ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਦਾ ਡਰ ਬਣਿਆ ਹੈ। ਸ਼ਹਿਰ ਵਾਸੀਆਂ ਨੇ ਦੱਸਿਆ ਕਿ ਪਾਣੀ ਦੇ ਨਿਕਾਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਮਿਲੇ ਹਨ ਤੇ ਉਹ ਵੀ ਹੱਲ ਨਹੀਂ ਕਰਵਾ ਰਿਹਾ। ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸ਼ਹਿਰ ਅੰਦਰ ਨਵੀਆਂ ਬਣੀਆਂ ਸੜਕਾਂ ਕੰਢੇ ਸੀਵਰੇਜ ਦੇ ਨਾਲੇ ਬਣਾਉਣ ਲਈ ਸਬੰਧਿਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਸ਼ਹਿਰ ਵਾਸੀਆਂ ਦੀ ਮੁਸ਼ਕਿਲ ਦਾ ਹੱਲ ਹੋ ਸਕੇ।