ਗੁਰਦਾਸਪੁਰ, 20 ਜੁਲਾਈ (ਚੱਕਰਾਜਾ)-ਚੋਰੀ ਕਰਨ ਦੀ ਨੀਅਤ ਨਾਲ ਆਏ 2 ਚੋਰਾਂ ਨੂੰ ਪਿੰਡ ਡਾਲਾ ਦੇ ਨੌਜਵਾਨਾਂ ਨੇ ਕਾਬੂ ਕਰਕੇ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਡਾਲਾ ਵਾਸੀ ਕਾਲੂ ਨੇ ਦੱਸਿਆ ਕਿ ਉਨ੍ਹਾਂ ਦਾ ਪਿੰਡ ਤੋਂ ਬਾਹਰਵਾਰ ਇਕ ਮੁਰਗੀ ਖ਼ਾਨਾ ਹੈ, ਜਿੱਥੇ ਪਿਛਲੇ ਦਿਨੀਂ 4 ਫਰਾਟੇ ਪੱਖੇ ਚੋਰਾਂ ਵਲੋਂ ਚੋਰੀ ਕਰ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਇਸ ਚੋਰੀ ਦੇ ਡਰ ਤੋਂ ਆਪਣੇ ਮੁਰਗੀਖ਼ਾਨੇ ਦੀ ਛੱਤ ’ਤੇ ਸੁੱਤਾ ਪਿਆ ਸੀ ਕਿ ਅੱਜ ਤੜਕਸਾਰ ਸਵੇਰੇ 3 ਵਜੇ ਦੇ ਕਰੀਬ ਦੋ ਨੌਜਵਾਨ ਆਏ ਜਿਨ੍ਹਾਂ ਵਿਚੋਂ ਇਕ ਨਜ਼ਦੀਕੀ ਕਮਾਦ ਵਿਚ ਲੁੱਕ ਗਿਆ ਤੇ ਇਕ ਚੋਰ ਮੁਰਗੀਖ਼ਾਨੇ ’ਤੇ ਲੱਗੇ ਨਲਕੇ ਨਾਲ ਪੰਗੇ ਲੈਣ ਲੱਗ ਪਿਆ, ਜਿਸ ’ਤੇ ਉਨ੍ਹਾਂ ਉੱਠ ਕੇ ਉਕਤ ਚੋਰ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਿਹਾ ਹੈ ਤਾਂ ਉਸ ਨੇ ਪਾਣੀ ਪੀਣ ਦਾ ਬਹਾਨਾ ਬਣਾ ਲਿਆ। ਕਾਲੂ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਫ਼ੋਨ ਕਰਕੇ ਘਰ ਵਾਲਿਆਂ ਨੂੰ ਬੁਲਾ ਕੇ ਦੋ ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਚੋਰਾਂ ਵਲੋਂ ਆਪਣੇ ਮੋਟਰਸਾਈਕਲ ਦੇ ਪਿੱਛੇ ਲੋਹੇ ਦੀਆਂ ਗਰਿਲਾਂ ਵੀ ਬੰਨੀਆਂ ਹੋਈਆਂ ਸਨ, ਜਿਨ੍ਹਾਂ ਬਾਰੇ ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਇਹ ਗਰਿੱਲਾਂ ਉਨ੍ਹਾਂ ਗੁਰਦਾਸਪੁਰ ਨਜ਼ਦੀਕ ਬਣ ਰਹੇ ਮਕਾਨ ਤੋਂ ਚੋਰੀ ਕੀਤੀਆਂ ਹਨ। ਉਕਤ ਚੋਰਾਂ ਨੇ ਦੱਸਿਆ ਕਿ ਉਨ੍ਹਾਂ ਕੱਲ੍ਹ ਤੇ ਅੱਜ ਦੋ ਦਿਨ ਗਰਿੱਲਾਂ ਚੋਰੀ ਕੀਤੀਆਂ ਹਨ। ਕਾਲੂ ਨੇ ਸ਼ੱਕ ਜ਼ਾਹਿਰ ਕੀਤਾ ਕਿ ਸ਼ਾਇਦ ਉਨ੍ਹਾਂ ਦੇ ਮੁਰਗੀ ਫਾਰਮ ਤੋਂ ਪੱਖੇ ਇਨ੍ਹਾਂ ਚੋਰਾਂ ਨੇ ਚੋਰੀ ਕੀਤੇ ਹਨ। ਇਸ ਮੌਕੇ ਰੌਲਾ ਪੈਂਦਾ ਦੇਖ ਕੇ ਪੂਰਾ ਪਿੰਡ ਇਕੱਠਾ ਹੋ ਗਿਆ ਅਤੇ ਚੋਰਾਂ ਵਲੋਂ ਕੀਤੀ ਗਈ ਚੋਰੀ ਬਾਰੇ ਪੁੱਛਗਿੱਛ ਕੀਤੀ। ਪਿੰਡ ਵਾਸੀਆਂ ਨੇ ਚੋਰਾਂ ਨੂੰ ਬਹਿਰਾਮਪੁਰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇਲਾਵਾ ਪਿੰਡ ਦੇ ਹੀ ਵਸਨੀਕ ਤਰਲੋਕ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਘਰ ਦੇ ਬਾਹਰ ਲੱਗੇ ਟਰੈਕਟਰ ਵਿਚੋਂ ਚੋਰ ਬੈਟਰੀ ਤੇ ਇਕ ਹੁੱਕ ਚੋਰੀ ਕਰਕੇ ਲੈ ਗਏ ਹਨ, ਉਨ੍ਹਾਂ ਵੀ ਚੋਰੀ ਦੀ ਘਟਨਾ ਪਿੱਛੇ ਇਨ੍ਹਾਂ ਚੋਰਾਂ ਦਾ ਹੱਥ ਦਾ ਸ਼ੱਕ ਜ਼ਾਹਿਰ ਕੀਤਾ। ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰਨ ਤੋਂ ਇਲਾਵਾ ਇਲਾਕੇ ਅੰਦਰ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਅਗਾਂਹ ਤੋਂ ਕੋਈ ਵੀ ਚੋਰੀ ਦੀ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ।