ਧਿਆਨਪੁਰ, 29 ਜੁਲਾਈ (ਕੁਲਦੀਪ ਸਿੰਘ ਸੋਨੂੰ)-ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਪਿੰਡ ਸੰਘੇੜਾ ਦੇ ਐਕਸ ਸਰਵਿਸਮੈਨ ਫ਼ੌਜੀ ਵੀਰਾਂ ਨੇ ਧਿਆਨੁਪੁਰ ਸਰਕਾਰੀ ਸਕੂਲ ਵਿਚ ਪੜ੍ਹਦੀਆਂ 20 ਗਰੀਬ ਬੱਚੀਆਂ ਨੂੰ ਸਾਈਕਲ ਵੰਡ ਕੇ ਇਕ ਅਨੋਖੀ ਮਿਸਾਲ ਕਾਇਮ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਭ ਤੋਂ ਪੁਰਾਣੇ ਅਤੇ ਸੀਨੀਅਰ ਆਗੂ ਲਖਵਿੰਦਰ ਸਿੰਘ ਸੰਘੇੜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੇਰੇ ਪਿੰਡ ਦੇ ਫ਼ੌਜੀ ਵੀਰਾਂ ਦੇ ਮਨ ਵਿਚ ਇਹ ਇੱਛਾ ਸੀ ਕਿ ਉਹ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੀਆਂ ਬੱਚੀਆਂ ਵਾਸਤੇ ਕੁਝ ਇਹੋ ਜਿਹਾ ਕਰਨ ਜਿਨਾਂ ਕਰਕੇ ਉਨ੍ਹਾਂ ਨੂੰ ਪੜ੍ਹਾਈ ਕਰਨ ਵਿਚ ਸੌਖ ਮਹਿਸੂਸ ਹੋਵੇ। ਇਸ ਕਰਕੇ ਉਨ੍ਹਾਂ ਨੇ ਧਿਆਨਪੁਰ ਸਕੂਲ ਵਿਚ ਪੈਦਲ ਜਾਂਦੀਆਂ 20 ਗਰੀਬ ਲੋੜਵੰਦ ਲੜਕੀਆਂ ਨੂੰ ਸਾਈਕਲ ਵੰਡੇ। ਸ: ਸੰਘੇੜਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਗਰੀਬ ਅਤੇ ਲੋੜਵੰਦ ਵਿਦਿਆਰਥਣਾਂ ਨੂੰ ਪੜ੍ਹਾਈ ਵਿਚ ਕੰਮ ਆਉਣ ਵਾਲੀਆਂ ਜਰੂਰੀ ਚੀਜ਼ਾਂ ਲੈ ਕੇ ਦਿੱਤੀਆ ਜਾਣਗੀਆਂ ਅਤੇ ਹੋਰ ਵੀ ਲੋੜਵੰਦ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਜਾਣਗੇ। ਇਸ ਮੌਕੇ ਸੂਬੇਦਾਰ ਲਖਵਿੰਦਰ ਸਿੰਘ, ਲੈਫ਼ਟੀਨੈਂਟ ਜੈਮਲ ਸਿੰਘ, ਸੂਬੇਦਾਰ ਪ੍ਰਤਾਪ ਸਿੰਘ, ਸੂਬੇਦਾਰ ਜਗਬੀਰ ਸਿੰਘ, ਸੂਬੇ. ਸਵਿੰਦਰਜੀਤ ਸਿੰਘ, ਸੁਖਦੇਵ ਸਿੰਘ, ਸੂਬੇ. ਜਗਰੂਪ ਸਿੰਘ, ਸੂਬੇ. ਲਖਵਿੰਦਰ ਸਿੰਘ, ਸਰਪੰਚ ਸੁਖਦੇਵ ਸਿੰਘ, ਸ: ਗੁਰਜੀਤ ਸਿੰਘ ਅਤੇ ਸੂਬੇ. ਰਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ।