02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਹਲਕਾ ਫਤਹਿਗੜ੍ਹ ਚੂੜੀਆਂ ਦੇ ਸਮੀਕਰਨ ਬਦਲਣ ਨਾਲ ਹਲਕੇ ਦੇ ਧੜਿਆਂ ’ਚ ਵੰਡੇ ‘ਆਪ’ ਵਰਕਰਾਂ ’ਚ ਖਟਾਸ ਵਧਣੀ ਸ਼ੁਰੂ

ਅਜੀਤ ਡੈਸਕ 31-07-2026
ਫਤਹਿਗੜ੍ਹ ਚੂੜੀਆਂ, 30 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਦਲਣ ਨਾਲ ਪਿਛਲੇ ਲੰਬੇ ਸਮੇਂ ਤੋਂ ਧੜਿਆਂ ’ਚ ਵੰਡੇ ਨਵੇਂ ਤੇ ਪੁਰਾਣੇ ਵਰਕਰਾਂ ਵਿਚ ਆਪਸੀ ਖਟਾਸ ਪੈਦਾ ਹੋਣੀ ਸ਼ੁਰੂ ਗਈ ਹੈ। ਪਿਛਲੇ ਲੰਬੇ ਸਮੇਂ ਤੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਹਲਕਾ ਇੰਚਾਰਜ ਦੇ ਤੌਰ ’ਤੇ ਫਤਹਿਗੜ੍ਹ ਚੂੜੀਆਂ ਦੇ ਸ਼ਹਿਰੀ ਤੇ ਦਿਹਾਤੀ ਖੇਤਰ ਅੰਦਰ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਸੀ, ਪਰ ਇਸ ਦੇ ਚਲਦਿਆਂ ਵੱਖ-ਵੱਖ ਪਿੰਡਾਂ ਦੇ ਕੁਝ ਵਿਰਲੇ-ਟਾਵੇਂ ਵਰਕਰ ਕਿਸੇ ਨਾ ਕਿਸੇ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਹਲਕਾ ਇੰਚਾਰਜ ਪੰਨੂੰ ਨਾਲ ਨਾਰਾਜ਼ਗੀ ਰੱਖਦੇ ਆ ਰਹੇ ਸਨ ਤੇ ਉਹ ਜੋਬਨ ਧੜੇ ਦੇ ਆਗੂਆਂ ਨਾਲ ਰਲ ਕੇ ਲੰਮੇ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ ਕਈ ਤਰ੍ਹਾਂ ਦੀ ਨੁਕਤਾ-ਚੀਨੀ ਕਰਦੇ ਆ ਰਹੇ ਸਨ ਤੇ ਬਾਰ-ਬਾਰ ਹਲਕਾ ਇੰਚਾਰਜ ਸ: ਪੰਨੂੰ ਨੂੰ ਬਦਲਣ ਲਈ ਸੋਸ਼ਲ ਮੀਡੀਆ ਉੱਪਰ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਰਕੇ ਆਪਣੀ ਭੜਾਸ ਕੱਢਦੇ ਰਹੇ ਸਨ। ਬੀਤੇ ਦਿਨ ਜਦੋਂ ਆਮ ਆਦਮੀ ਪਾਰਟੀ ਹਾਈਕਮਾਂਡ ਵਲੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਨੂੰ ਹਲਕਾ ਇੰਚਾਰਜੀ ਤੋਂ ਪਾਸੇ ਕਰਕੇ ਜੋਬਨ ਰੰਧਾਵਾ ਨੂੰ ਹਲਕਾ ਫਤਹਿਗੜ੍ਹ ਚੂੜੀਆਂ ਦੀ ਇੰਚਾਰਜੀ ਦੀ ਵਾਗਡੋਰ ਸੌਂਪ ਦਿੱਤੀ ਤਾਂ ਵਰਕਰਾਂ ਵਿਚ ਕਈ ਤਰ੍ਹਾਂ ਦੀ ਖਟਾਸ ਪੈਣੀ ਸ਼ੁਰੂ ਹੋ ਗਈ ਹੈ। ਇਸ ਮੌਕੇ ਧੜੇਬੰਦੀ ਦਾ ਸ਼ਿਕਾਰ ਚਲਦੇ ਆ ਰਹੇ ਵਰਕਰਾਂ ਵਲੋਂ ਇਹ ਸ਼ੰਕਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਉਹ ਪਹਿਲਾਂ ਤੋਂ ਹੀ ਹਮੇਸ਼ਾ ਪੰਨੂੰ ਦੇ ਖਿਲਾਫ਼ ਰਹੇ ਹਨ ਅਤੇ ਜੋਬਨ ਰੰਧਾਵਾ ਨਾਲ ਰਹਿ ਕੇ ਉਸ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਲਈ ਹਮੇਸ਼ਾ ਮੰਗ ਵੀ ਉਠਾਉਂਦੇ ਰਹੇ ਹਨ, ਪਰ ਹੁਣ ਜਦੋਂ ਰੰਧਾਵਾ ਨੂੰ ਹਲਕਾ ਇੰਚਾਰਜੀ ਮਿਲੀ ਹੈ ਤਾਂ ਪੰਨੂੰ ਧੜੇ ਦੇ ਵਰਕਰਾਂ ਨੇ ਰਾਤੋਂ ਦਿਨ ਨਹੀਂ ਚੜਨ ਦਿੱਤਾ ਤੇ ਜੋਬਨ ਰੰਧਾਵਾ ਕੋਲ ਪਹੁੰਚ ਕੇ ਕੁਰਸੀਆਂ ਦੀਆਂ ਪਹਿਲੀਆਂ ਕਤਾਰਾਂ ਉੱਪਰ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨਾਲ ਉਹ ਆਪਣੀ ਹੇਠੀ ਸਮਝ ਕੇ ਬਰਦਾਸ਼ਤ ਹੋਣ ਤੋਂ ਬਾਹਰ ਹੋ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਨੀਤੀਆਂ ਕਰਕੇ ਆਮ ਆਦਮੀ ਪਾਰਟੀ ਲਈ ਹਲਕੇ ਦੇ ਮਿਹਨਤ ਕਰਨ ਵਾਲੇ ਵਰਕਰ ਪਹਿਲਾਂ ਵੀ ਹਮੇਸ਼ਾ ਪਿੱਛੇ ਰਹੇ ਹਨ ਤੇ ਵੱਡੀ ਗਿਣਤੀ ਵਿਚ ਚਲਾਕ ਚਾਪਲੂਸਾਂ ਵਲੋਂ ਹੁਣ ਜੋਬਨ ਧੜੇ ਵਿਚ ਪਹੁੰਚ ਕੇ ਵੀ ਆਪ ਹੁਦਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ, ਕਿਉਂਕਿ ਹਰ ਪਾਸੇ ਮਲਾਈ ਖਾਣ ਵਾਲੇ ਹਮੇਸ਼ਾ ਕੰਮ ਖਰਾਬ ਕਰਦੇ ਹਨ। ਜਾਹਿਰ ਹੈ ਕਿ ਹਲਕੇ ਦੇ ਹਰ ਇਕ ਪਿੰਡ ਵਿਚ ਪਾਟੋਧਾੜੀ ਹੋਣ ਕਰਕੇ ਅਗਲੇ ਸਮੇਂ ਅੰਦਰ ਇਕਜੁੱਟਤਾ ਕਾਇਮ ਕਰਨਾ ਹੀ ਲੀਡਰਾਂ ਦੇ ਗਲੇ ਦੀ ਹੱਡੀ ਬਣ ਸਕਦਾ ਹੈ। ਜੇਕਰ ਇਕਜੁੱਟਤਾ ਬਣਾਉਣ ’ਚ ਸਫ਼ਲਤਾ ਪ੍ਰਾਪਤ ਨਾ ਹੋਈ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਈ ਤਰ੍ਹਾਂ ਦਾ ਉਘੜੂ-ਦੁਗੜੂ ਸਾਹਮਣੇ ਆਉਣ ਦਾ ਖਦਸ਼ਾ ਹੈ, ਜਦ ਕਿ 2027 ਦੀਆਂ ਚੋਣਾਂ ਲਈ ਮਿਹਨਤ ਕਰਨ ਤੋਂ ਪਹਿਲਾਂ ਪਾਟੋਧਾੜੀ ਦਾ ਸ਼ਿਕਾਰ ਹੋਏ ਵਰਕਰਾਂ ਵਿਚ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਾ ਪਵੇਗਾ।
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਇਲਾਕਾ ਹਰਚੋਵਾਲ ਦਾ ਇਜਲਾਸ ਪਿੰਡ ਘੋੜੇਵਾਹ ਵਿਖੇ ਹੋਇਆ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਦੁਰਗੇਸ਼ ਪਾਠਕ ਤੇ ਸ਼ੈਰੀ ਕਲਸੀ ਨੇ ਖੁਸ਼ਹਾਲਪੁਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।