ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ’ਚੋਂ ਚੋਰਾਂ ਵਲੋਂ 2 ਗੈਸ ਸਿਲੰਡਰ, ਲੈਬ ਦਾ ਸਾਮਾਨ ਤੇ ਸੀਸੀਟੀਵੀ ਦਾ ਡੀਵੀਆਰ ਚੋਰੀ
ਵਡਾਲਾ ਗ੍ਰੰਥੀਆਂ, 28 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਨਜ਼ਦੀਕੀ ਪਿੰਡ ਸ਼ੇਰਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੀਤੀ ਰਾਤ ਚੋਰਾਂ ਵਲੋਂ ਧਾਵਾ ਬੋਲਦਿਆਂ ਸਕੂਲ ’ਚੋਂ ਗੈਸ ਸਿਲੰਡਰਾਂ, ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਤੇ ਸਰਕਾਰ ਵਲੋਂ ਲੈਬ ਦਾ ਸਾਮਾਨ ਚੋਰੀ ਕਰ ਲਿਆ। ਸਕੂਲ ਦੇ ਮੁੱਖ ਅਧਿਆਪਕ ਅਮਰਬੀਰ ਸਿੰਘ, ਮੈਡਮ ਅਮਨਦੀਪ ਕੌਰ ਤੇ ਪਿੰਡ ਦੇ ਮੁਹਤਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਕੂਲ ਦਾ ਸਫਾਈ ਕਰਮਚਾਰੀ ਸਕੂਲ ਪਹੁੰਚਿਆ ਤਾਂ ਮੇਨ ਗੇਟ ਦਾ ਕੁੰਡਾ ਟੁੱਟਿਆ ਹੋਇਆ ਸੀ।
ਵਡਾਲਾ ਗ੍ਰੰਥੀਆਂ, 28 ਅਗਸਤ (ਗੁਰਪ੍ਰਤਾਪ ਸਿੰਘ ਕਾਹਲੋਂ)-ਨਜ਼ਦੀਕੀ ਪਿੰਡ ਸ਼ੇਰਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਬੀਤੀ ਰਾਤ ਚੋਰਾਂ ਵਲੋਂ ਧਾਵਾ ਬੋਲਦਿਆਂ ਸਕੂਲ ’ਚੋਂ ਗੈਸ ਸਿਲੰਡਰਾਂ, ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਤੇ ਸਰਕਾਰ ਵਲੋਂ ਲੈਬ ਦਾ ਸਾਮਾਨ ਚੋਰੀ ਕਰ ਲਿਆ। ਸਕੂਲ ਦੇ ਮੁੱਖ ਅਧਿਆਪਕ ਅਮਰਬੀਰ ਸਿੰਘ, ਮੈਡਮ ਅਮਨਦੀਪ ਕੌਰ ਤੇ ਪਿੰਡ ਦੇ ਮੁਹਤਬਰਾਂ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਕੂਲ ਦਾ ਸਫਾਈ ਕਰਮਚਾਰੀ ਸਕੂਲ ਪਹੁੰਚਿਆ ਤਾਂ ਮੇਨ ਗੇਟ ਦਾ ਕੁੰਡਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਲਗਭਗ ਸਾਰੇ ਕਮਰਿਆਂ ਦੇ ਤਾਲੇ ਤੇ ਕੁੰਡੇ ਟੁੱਟੇ ਹੋਏ ਸਨ। ਇਸ ਦੀ ਸੂਚਨਾ ਮਿਲਣ ’ਤੇ ਪਿੰਡ ਦੇ ਅਧਿਆਪਕ ਸੁਖਵਿੰਦਰ ਸਿੰਘ ਵੀ ਤੁਰੰਤ ਪਹੁੰਚੇ ਤੇ ਦੇਖਿਆ ਕਿ ਸਕੂਲ ਦੀ ਰਸੋਈ ’ਚੋਂ ਦੋਵੇਂ ਗੈਸ ਸਿਲੰਡਰ ਗਾਇਬ ਸਨ। ਇਸ ਤੋਂ ਇਲਾਵਾ ਸਕੂਲ ’ਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਚੋਰ ਆਪਣੇ ਨਾਲ ਲੈ ਗਏ। ਸਰਕਾਰ ਵਲੋਂ ਸਕੂਲ ਦੀ ਲੈਬ ਲਈ ਭੇਜਿਆ ਗਿਆ ਸਾਮਾਨ ਵੀ ਚੋਰੀ ਹੋਣ ਦੀ ਜਾਣਕਾਰੀ ਮਿਲੀ ਹੈ। ਚੋਰਾਂ ਵਲੋਂ ਹੋਰ ਕਮਰਿਆਂ ’ਚ ਪਏ ਸਾਮਾਨ ਨਾਲ ਵੀ ਛੇੜਛਾੜ ਕੀਤੀ ਗਈ। ਘਟਨਾ ਸਬੰਧੀ ਸੂਚਿਤ ਕਰਨ ’ਤੇ ਸਕੂਲ ਵਿਚ ਪੁੱਜੇ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਸਕੂਲ ’ਚ ਚੋਰੀ ਦੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪਿੰਡ ਸ਼ੇਰਪੁਰ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਤੇ ਸੰਘਣੀ ਆਬਾਦੀ ਵਿਚ ਸਥਿਤ ਸਰਕਾਰੀ ਸਕੂਲ ਵਿਚ ਚੋਰੀ ਹੋਣ ਦੀ ਘਟਨਾ ਨੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।