ਫ਼ਤਹਿਗੜ੍ਹ ਚੂੜੀਆਂ, 24 ਸਤੰਬਰ (ਐੱਮ.ਐੱਸ. ਫੁੱਲ)-ਵੰਦੇ ਮਾਤਰਮ ਦੇ 150ਵੇਂ ਵਰ੍ਹੇ ਦੇ ਸਬੰਧ ’ਚ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ, ਨਵੀਂ ਦਿੱਲੀ ਦੇ ਮਾਰਗਦਰਸ਼ਨ ਹੇਠ 25 ਸਤੰਬਰ ਨੂੰ ਦੇਸ਼ ਭਰ ਵਿਚ ਕਰਵਾਏ ਜਾ ਰਹੇ ਰਾਸ਼ਟਰਵਿਆਪੀ ਸਾਂਝੇ ਗਾਇਨ ਪ੍ਰੋਗਰਾਮ ‘ਨਮਾਮਿ ਭਾਰਤਮ’ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ, ਰੇਲਵੇ ਰੋਡ, ਫ਼ਤਹਿਗੜ੍ਹ ਚੂੜੀਆਂ ਵੀ ਉਤਸ਼ਾਹ ਨਾਲ ਭਾਗ ਲਵੇਗਾ। ਸਕੂਲ ਦੇ ਪ੍ਰਧਾਨ ਸ਼੍ਰੀਮਾਨ ਪਵਨ ਚੌਹਾਨ ਨੇ ਦੱਸਿਆ ਕਿ 25 ਸਤੰਬਰ ਨੂੰ ਸਵੇਰੇ 11:00 ਵਜੇ ਦੇਸ਼ ਦੇ 25,000 ਤੋਂ ਵੱਧ ਸਥਾਨਾਂ ’ਤੇ ਇਕ ਕਰੋੜ ਤੋਂ ਵੱਧ ਵਿਦਿਆਰਥੀ, ਅਧਿਆਪਕ, ਮਾਪੇ ਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨਾਗਰਿਕ ਇਕੱਠੇ ਹੋ ਕੇ ਸੰਪੂਰਨ ਵੰਦੇ ਮਾਤਰਮ ਦਾ ਸਾਂਝਾ ਗਾਇਨ ਕਰਨਗੇ। ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਸਕੂਲ ਵੀ ਇਸ ਇਤਿਹਾਸਕ ਸਮਾਗਮ ਵਿਚ ਭਾਗ ਲੈਂਦਿਆਂ ਰਾਸ਼ਟਰ ਭਾਵਨਾ, ਮਾਤ ਭੂਮੀ ਪ੍ਰਤੀ ਸ਼ਰਧਾ ਤੇ ਸੱਭਿਆਚਾਰਕ ਏਕਤਾ ਦੀ ਭਾਵਨਾ ਨੂੰ ਪ੍ਰਗਟ ਕਰੇਗਾ। ਉਨ੍ਹਾਂ ਕਿਹਾ ਕਿ ‘ਨਮਾਮਿ ਭਾਰਤਮ’ ਸਿਰਫ਼ ਸਾਂਝੇ ਗਾਇਨ ਦਾ ਪ੍ਰੋਗਰਾਮ ਨਹੀਂ ਹੈ, ਸਗੋਂ ਨਵੀਂ ਪੀੜ੍ਹੀ ਨੂੰ ਵੰਦੇ ਮਾਤਰਮ ਦੀ ਇਤਿਹਾਸਕ ਯਾਤਰਾ, ਆਜ਼ਾਦੀ ਦੇ ਸੰਘਰਸ਼ ਵਿਚ ਇਸ ਦੇ ਯੋਗਦਾਨ ਅਤੇ ਰਾਸ਼ਟਰੀ ਗੀਤ ਵਜੋਂ ਇਸ ਦੀ ਮਹੱਤਤਾ ਨਾਲ ਜਾਣੂ ਕਰਵਾਉਣ ਦਾ ਇਕ ਮਹੱਤਵਪੂਰਨ ਮੌਕਾ ਹੈ। ਪ੍ਰਧਾਨ ਨੇ ਦੱਸਿਆ ਕਿ ਸਕੂਲ ਵਿਚ ਇਸ ਪ੍ਰੋਗਰਾਮ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਸੰਪੂਰਨ ਵੰਦੇ ਮਾਤਰਮ ਦੇ ਸਾਂਝੇ ਗਾਇਨ ਦਾ ਅਭਿਆਸ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਿਦਿਆਰਥੀਆਂ, ਆਚਾਰਿਆਂ, ਮਾਪਿਆਂ ਅਤੇ ਸਾਬਕਾ ਵਿਦਿਆਰਥੀਆਂ ਨੂੰ ਇਸ ਰਾਸ਼ਟਰਵਿਆਪੀ ਪ੍ਰੋਗਰਾਮ ਵਿਚ ਭਾਗ ਲੈਣ ਦਾ ਸੱਦਾ ਦਿੱਤਾ।