ਪਠਾਨਕੋਟ, 16 ਅਕਤੂਬਰ (ਸੰਧੂ)-ਜੇ.ਐਮ.ਕੇ. ਪ੍ਰੀ-ਸਕੂਲ ਵਲੋਂ ਮਾਪਿਆਂ ਤੇ ਸਕੂਲ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦੇ ਉਦੇਸ਼ ਨਾਲ ‘ਟੀ ਐਂਡ ਟਾਕ’ ਪ੍ਰੋਗਰਾਮ ਕਰਵਾਇਆ ਗਿਆ । ਇਸ ਮੌਕੇ ਦੁਸਹਿਰਾ ਉਤਸਵ ਵੀ ਉਤਸ਼ਾਹ ਨਾਲ ਮਨਾਇਆ ਗਿਆ । ਮਾਪਿਆਂ ਤੇ ਸਕੂਲ ਪ੍ਰਬੰਧਨ ਨੇ ਬੱਚਿਆਂ ਦੀ ਸਿੱਖਿਆ, ਸੰਸਕਾਰਾਂ ਤੇ ਸਰਵਪੱਖੀ ਵਿਕਾਸ ਸਬੰਧੀ ਵਿਚਾਰ ਸਾਂਝੇ ਕੀਤੇ । ਸਕੂਲ ਦੇ ਚੇਅਰਮੈਨ ਅਨੁਜ ਸੂਦ ਤੇ ਡਾਇਰੈਕਟਰ ਤਾਨਿਆ ਸੂਦ ਦੇ ਮਾਰਗ ਦਰਸ਼ਨ ਹੇਠ ਹੈੱਡ ਮਿਸਟ੍ਰੈੱਸ ਰਿੰਪਲ ਭੰਡਾਰੀ ਦੀ ਅਗਵਾਈ ’ਚ ਕਰਵਾਏ ਸਮਾਗਮ ਦੌਰਾਨ ਬੱਚਿਆਂ ਨੇ ਮਾਂ ਦੁਰਗਾ ਤੇ ਰਕਤਬੀਜ ਦੇ ਯੁੱਧ ’ਤੇ ਆਧਾਰਿਤ ਨਾਚ ਪੇਸ਼ਕਾਰੀ ਰਾਹੀਂ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੱਤਾ । ਇਸ ਤੋਂ ਇਲਾਵਾ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਕਰਕੇ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਦਰਸਾਇਆ ਗਿਆ । ਇਸ ਮੌਕੇ ਡਾਇਰੈਕਟਰ ਡਾ: ਨੀਰਜ ਮੋਹਨ ਪੁਰੀ ਨੇ ਕਿਹਾ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਮਾਪਿਆਂ ਤੇ ਅਧਿਆਪਕਾਂ ਦਾ ਸਾਂਝਾ ਸਹਿਯੋਗ ਬਹੁਤ ਜ਼ਰੂਰੀ ਹੈ ।