ਗੁਰਦਾਸਪੁਰ, 19 ਅਕਤੂਬਰ (ਚੱਕਰਾਜਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਵਿਖੇ ਵਿਜੇ ਦਸ਼ਮੀ ਦੇ ਸ਼ੁਭ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਭਗਵਾਨ ਰਾਮ ਦੇ ਜੀਵਨ, ਬਲੀਦਾਨ, ਮਾਣ, ਸੱਚਾਈ ਤੇ ਕਰਤੱਵ ਪ੍ਰਤੀ ਸਮਰਪਣ ਨੂੰ ਸੁੰਦਰ ਢੰਗ ਨਾਲ ਪੇਸ਼ ਕੀਤਾ। ਪ੍ਰੋਗਰਾਮ ਦਾ ਮੁੱਖ ਵਿਸ਼ਾ ਅੱਜ ਦੇ ਯੁੱਗ ਦਾ ਰਾਵਣ ਸੀ, ਜਿਸ ਰਾਹੀਂ ਵਿਦਿਆਰਥੀਆਂ ਨੇ ਸਮਾਜ ’ਚ ਪ੍ਰਚਲਿਤ ਭ੍ਰਿਸ਼ਟਾਚਾਰ, ਹਿੰਸਾ, ਹੰਕਾਰ, ਧੋਖਾ ਤੇ ਹੋਰ ਬੁਰਾਈਆਂ ਵੱਲ ਸਾਰਿਆਂ ਦਾ ਧਿਆਨ ਖਿੱਚਿਆ। ਵਿਦਿਆਰਥੀਆਂ ਨੇ ਦੱਸਿਆ ਕਿ ਵਿਜੇਦਸ਼ਮੀ ਦਾ ਅਸਲ ਅਰਥ ਸਿਰਫ਼ ਰਾਵਣ ਦੇ ਪੁਤਲੇ ਨੂੰ ਸਾੜਨਾ ਹੀ ਨਹੀਂ ਹੈ, ਸਗੋਂ ਆਪਣੇ ਅੰਦਰਲੀਆਂ ਬੁਰਾਈਆਂ ਨੂੰ ਖਤਮ ਕਰਨਾ ਵੀ ਹੈ। ਜੇਕਰ ਹਰ ਵਿਅਕਤੀ ਸੱਚਾਈ, ਪਿਆਰ, ਗੁਣ ਤੇ ਨੈਤਿਕਤਾ ਨੂੰ ਅਪਣਾ ਲੈਂਦਾ ਹੈ ਤਾਂ ਇਕ ਆਦਰਸ਼ ਅਤੇ ਸੰਸਕ੍ਰਿਤ ਸਮਾਜ ਦਾ ਨਿਰਮਾਣ ਕੀਤਾ ਜਾ ਸਕਦਾ ਹੈ। ਇਸ ਮੌਕੇ ਸਕੂਲ ਅਧਿਆਪਕ ਵਿਨਯ ਜੋਸ਼ੀ ਨੇ ਪ੍ਰਿੰਸੀਪਲ ਰਾਜੀਵ ਭਾਰਤੀ ਤੇ ਸਕੂਲ ਪ੍ਰਬੰਧਨ ਵਲੋਂ ਸਾਰਿਆਂ ਨੂੰ ਰਾਮ ਨੌਮੀ, ਦੁਰਗਾਸ਼ਟਮੀ ਤੇ ਵਿਜੇ ਦਸ਼ਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਗਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਦੀ ਨਕਲ ਕਰਨ ਤੇ ਸਮਾਜ ਨੂੰ ਬੁਰਾਈ ਤੋਂ ਮੁਕਤ ਕਰਨ ਵਿਚ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕੀਤਾ।