ਅਬੋਹਰ, 13 ਫਰਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪੀ. ਐਨ. ਆਰ. ਸੀ. ਵਲੋਂ ਘੋਸ਼ਿਤ ਏ. ਐਨ. ਐਮ. ਦੂਜੇ ਸਾਲ ਦੇ ਨਤੀਜਿਆਂ ਤਹਿਤ ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਨਰਸਿੰਗ ਕਾਲਜ ਨੇ ਇਕ ਵਾਰ ਫਿਰ 100 ਫ਼ੀਸਦੀ ਨਤੀਜੇ ਨਾਲ ਸ਼ਾਨਦਾਰ ਸਿੱਖਿਆ ਗੁਣਵੰਤਾ ਦਾ ਪ੍ਰਣਾਮ ਦਿੱਤਾ ਹੈ | ਸੰਸਥਾ ਦੀਆਂ ਵਿਦਿਆਰਥਣਾਂ ਨੇ ਸ਼ਲਾਘਾਯੋਗ ਸਫਲਤਾ ਹਾਸਿਲ ਕਰਦੇ ਹੋਏ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਜਾਣਕਾਰੀ ਅਨੁਸਾਰ ਕਾਲਜ ਵਿਦਿਆਰਥਣ ਪੂਜਾ ਰਾਏ ਪੁੱਤਰੀ ਤੱਪਣ ਰਾਏ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਦ ਕਿ ਕੰਚਨ ਕੌਰ ਪੁੱਤਰੀ ਜਸਪਾਲ ਸਿੰਘ ਨੇ ਦੂਜਾ ਤੇ ਨਵਰੰਗੀ ਪੁੱਤਰੀ ਭਗਵਾਨਾ ਰਾਮ ਅਤੇ ਨਿਰਮਾ ਪਰਜਾਪਤ ਪੁੱਤਰੀ ਰਾਮਕਰਨ ਪਰਜਾਪਤ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਹਾਸਿਲ ਕੀਤਾ ਹੈ | ਵਿਦਿਆਰਥਣਾਂ ਦੀ ਇਸ ਸਫਲਤਾ 'ਤੇ ਕਾਲਜ ਵਿਖੇ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਸ ਦੌਰਾਨ ਸੰਸਥਾ ਦੇ ਚੇਅਰਮੈਨ ਡਾ. ਜੀ. ਐੱਸ. ਮਿੱਤਲ ਨੇ ਸ਼ਾਨਦਾਰ ਨਤੀਜੇ 'ਤੇ ਖ਼ੁਸ਼ੀ ਜ਼ਾਹਿਰ ਕਰਦੇ ਹੋਏ ਵਿਦਿਆਰਥਣਾਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਯੋਗ ਅਧਿਆਪਕਾਂ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਡਾ. ਰਾਮ ਸਵਰੂਪ ਸ਼ਰਮਾ ਨੇ ਅੱਵਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਆਸ ਕੀਤੀ ਹੈ | ਇਸ ਦੌਰਾਨ ਅਧਿਆਪਕ ਸਵਪਨਪ੍ਰੀਤ ਕੌਰ, ਸੰਜਨਾ, ਸੁਮਨ, ਪ੍ਰਵੀਨ ਕੌਰ, ਮੰਗਤੂ ਰਾਮ, ਰਿੰਕੀ, ਕੋਰਸ ਕੁਆਰਡੀਨੇਟਰ ਸਰੋਜ ਰਾਣੀ ਨੇ ਵੀ ਵਿਦਿਆਰਥਣਾਂ ਨੂੰ ਵਧਾਈ ਦਿੱਤੀ |