ਅਬੋਹਰ, 17 ਫਰਵਰੀ (ਵਿਵੇਕ ਹੂੜੀਆ)-ਅਬੋਹਰ ਦੀ ਲੱਕੜ ਮੰਡੀ 'ਚ ਕੱਲ੍ਹ ਦੇਰ ਰਾਤ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਂਦੇ ਹੋਏ ਕੁੱਝ ਅਣਪਛਾਤੇ ਨੌਜਵਾਨਾਂ ਨੇ ਥਾਣੇ ਤੋਂ ਮਹਿਜ਼ ਕੁੱਝ ਕਦਮਾਂ ਦੀ ਦੂਰੀ 'ਤੇ ਖੜ੍ਹੇ ਇਕ ਟਰੱਕ ਦੇ ਸਹਾਇਕ 'ਤੇ ਹਮਲਾ ਕਰ ਦਿੱਤਾ | ਲੁਟੇਰੇ ਕੰਡਕਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਉਸ ਕੋਲੋਂ ਨਕਦੀ ਤੇ ਮੋਬਾਈਲ ਫ਼ੋਨ ਲੁੱਟ ਕੇ ਫ਼ਰਾਰ ਹੋ ਗਏ | ਪੀੜਤ ਦੀਪਕ ਕੁਮਾਰ ਨਿਵਾਸੀ ਰਾਜੀਵ ਨਗਰ ਨੇ ਦੱਸਿਆ ਕਿ ਉਹ ਆਪਣੇ ਚਾਚਾ ਧਰਮਿੰਦਰ (ਟਰੱਕ ਡਰਾਈਵਰ) ਨਾਲ ਗਾਜ਼ੀਆਬਾਦ ਤੋਂ ਪੇਂਟ ਤੇ ਐਡਹੇਸਿਵ ਲੈ ਕੇ ਅਬੋਹਰ ਆਇਆ ਸੀ | ਰਾਤ ਕਰੀਬ 1 ਵਜੇ ਉਨ੍ਹਾਂ ਨੇ ਆਪਣਾ ਟਰੱਕ ਲੱਕੜ ਮੰਡੀ 'ਚ ਖੜ੍ਹਾ ਕੀਤਾ ਸੀ | ਜਦੋਂ ਉਹ ਟਰੱਕ ਦੇ ਅੰਦਰ ਸੁੱਤਾ ਹੋਇਆ ਸੀ ਤਾਂ 5-6 ਅਣਪਛਾਤੇ ਨੌਜਵਾਨ ਉਥੇ ਆਏ ਤੇ ਉਸ ਨੂੰ ਖਿੜਕੀ ਖੋਲ੍ਹਣ ਲਈ ਕਿਹਾ | ਮਨਾ ਕਰਨ 'ਤੇ ਉਨ੍ਹਾਂ ਨੇ ਇੱਟ ਮਾਰ ਕੇ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਜ਼ਬਰਦਸਤੀ ਅੰਦਰ ਵੜ ਗਏ | ਲੁਟੇਰਿਆਂ ਨੇ ਦੀਪਕ ਦੀ ਕੁੱਟਮਾਰ ਕੀਤੀ ਅਤੇ ਉਸ ਕੋਲੋਂ 6 ਹਜ਼ਾਰ ਰੁਪਏ ਦੀ ਨਕਦੀ ਤੇ ਕਰੀਬ 20 ਹਜ਼ਾਰ ਰੁਪਏ ਦੀ ਕੀਮਤ ਦਾ ਮੋਬਾਈਲ ਖੋਹ ਲਿਆ | ਇੰਨਾ ਹੀ ਨਹੀਂ ਹਮਲਾਵਰਾਂ ਨੇ ਡਰਾ-ਧਮਕਾ ਕੇ ਉਸ ਦੇ ਫ਼ੋਨ ਦਾ ਲੋਕ ਅਤੇ ਏ. ਟੀ. ਐਮ. ਦਾ ਪਿੰਨ ਨੰਬਰ ਵੀ ਪੁੱਛ ਲਿਆ | ਪੀੜਤ ਨੇ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਉਹ 50-80 ਕਦਮਾਂ ਦੀ ਦੂਰੀ 'ਤੇ ਸਥਿਤ ਥਾਣਾ ਨੰਬਰ 2 'ਚ ਸ਼ਿਕਾਇਤ ਦੇਣ ਗਿਆ, ਪਰ ਉਥੇ ਉਸ ਦੀ ਕੋਈ ਸੁਣਵਾਈ ਨਹੀਂ ਹੋਈ | ਇਸ ਤੋਂ ਬਾਅਦ ਉਸ ਨੇ ਆਪਣੇ ਟਰੱਕ ਮਾਲਕ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਸਿਟੀ-1 ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ | ਦੁਕਾਨ ਮਾਲਕ ਦਿਨੇਸ਼ ਕੁਮਾਰ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸ਼ਹਿਰ 'ਚ ਅਸਮਾਜਿਕ ਅਨਸਰਾਂ ਦੇ ਦਿਲਾਂ ਵਿਚੋਂ ਪੁਲਿਸ ਦਾ ਖ਼ੌਫ਼ ਖ਼ਤਮ ਹੋ ਚੁੱਕਾ ਹੈ | ਉਨ੍ਹਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਜਲਦ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਸਖ਼ਤ ਕਾਰਵਾਈ ਕਰੇ |