ਅਬੋਹਰ, 1 ਮਾਰਚ (ਵਿਵੇਕ ਹੂੜੀਆ)-ਅਬੋਹਰ ਉਪਮੰਡਲ ਅਧੀਨ ਆਉਂਦੇ ਪਿੰਡ ਰੂਹੇੜਿਆਵਾਲੀ 'ਚ ਬੀਤੀ ਰਾਤ ਚੋਰਾਂ ਨੇ ਇਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਸੋਨੇ ਚਾਂਦੀ ਦੇ ਗਹਿਣੇ ਅਤੇ ਨਗਦੀ ਚੋਰੀ ਕਰ ਲਈ | ਚੋਰ ਰਾਤ ਨੂੰ ਕੰਧ ਟੱਪ ਕੇ ਘਰ ਵਿਚ ਦਾਖਲ ਹੋਏ ਸਨ | ਜਾਣਕਾਰੀ ਅਨੁਸਾਰ ਘਰ ਦੇ ਮਾਲਕ ਰਤਨ ਗੋਦਾਰਾ ਦਾ ਪੂਰਾ ਪਰਿਵਾਰ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ ਜਦੋਂ ਕਿ ਰਤਨ ਗੋਦਾਰਾ ਅੰਦਰ ਸੁੱਤਾ ਪਿਆ ਸੀ | ਇਸ ਦੌਰਾਨ ਅਣਪਛਾਤੇ ਚੋਰ ਕੰਧ ਟੱਪ ਕੇ ਘਰ ਵਿਚ ਦਾਖਲ ਹੋਏ ਅਤੇ ਅਲਮਾਰੀ ਵਿਚ ਰੱਖਿਆ ਲਗਭਗ 1.5 ਤੋਲਾ ਸੋਨਾ, 20 ਤੋਲਾ ਚਾਂਦੀ ਅਤੇ 50000 ਰੁਪਏ ਨਕਦੀ ਚੋਰੀ ਕਰ ਲਈ | ਪਿੰਡ ਵਿਚ ਇਸ ਵਾਰਦਾਤ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ | ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਲਾਕੇ ਵਿਚ ਕੋਈ ਨਿਯਮਤ ਪੁਲਿਸ ਰਾਤ ਦੀ ਗਸ਼ਤ ਨਹੀਂ ਸੀ, ਜਿਸ ਕਾਰਨ ਚੋਰਾਂ ਦੇ ਹੌਸਲੇ ਵਧ ਗਏ | ਚੋਰੀ ਦੀ ਘਟਨਾ ਆਲੇ-ਦੁਆਲੇ ਦੇ ਪਿੰਡਾਂ ਵਿਚ ਚਰਚਾ ਦਾ ਵਿਸ਼ਾ ਬਣ ਗਈ ਹੈ | ਇਸ ਸਬੰਧੀ ਥਾਣਾ ਸਦਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ | ਸਟੇਸ਼ਨ ਇੰਚਾਰਜ ਰਵਿੰਦਰ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਹੈ ਅਤੇ ਪੀੜਤ ਅਤੇ ਹੋਰ ਸਬੰਧਤ ਵਿਅਕਤੀਆਂ ਦੇ ਲਿਖਤੀ ਬਿਆਨ ਦਰਜ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸੀ.ਸੀ.ਟੀਵੀ ਫੁਟੇਜ ਅਤੇ ਨੇੜਲੇ ਨਿਵਾਸੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰੀ ਦਾ ਜਲਦੀ ਹੀ ਪਤਾ ਲਗਾ ਲਿਆ ਜਾਵੇਗਾ |