ਅਬੋਹਰ, 29 ਅਪ੍ਰੈਲ (ਵਿਵੇਕ ਹੂੜੀਆ)-ਦੇਸ਼ ਭਰ ਦੇ ਪ੍ਰਮੁੱਖ ਸੰਤਾਂ ਦੇ ਸੱਦੇ 'ਤੇ ਗਊ ਰੱਖਿਆ ਅਤੇ ਉਨ੍ਹਾਂ ਦੀ ਬਿਹਤਰ ਸਾਂਭ-ਸੰਭਾਲ ਦੀ ਮੰਗ ਨੂੰ ਲੈ ਕੇ ਅਬੋਹਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਇੱਕਜੁੱਟ ਹੋ ਕੇ ਐੱਸ.ਡੀ.ਐਮ.ਨੂੰ ਇੱਕ ਮੰਗ ਪੱਤਰ ਸੌਂਪਿਆ | ਹਰਿਦੁਆਰ ਅਤੇ ਕਾਸ਼ੀ ਦੇ ਕਰੀਬ 250 ਸੰਤਾਂ ਵਲੋਂ ਨਿਰਧਾਰਿਤ ਦੇਸ਼ ਵਿਆਪੀ ਪ੍ਰੋਗਰਾਮ ਤਹਿਤ ਇਹ ਪ੍ਰਦਰਸ਼ਨ ਕੀਤਾ ਗਿਆ | ਇਸ ਮੁਹਿੰਮ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜਪਾਲ ਅਤੇ ਮੁੱਖ ਮੰਤਰੀ ਦੇ ਨਾਂ ਭੇਜੇ ਗਏ ਇਸ ਮੰਗ ਪੱਤਰ ਦੇ ਨਾਲ 4500 ਤੋਂ ਵੱਧ ਲੋਕਾਂ ਦੇ ਦਸਤਖ਼ਤ ਨੱਥੀ ਕੀਤੇ ਗਏ ਹਨ | ਪ੍ਰਦਰਸ਼ਨ ਦੀ ਅਗਵਾਈ ਬਜਰੰਗ ਦਲ ਹਿੰਦੁਸਤਾਨ ਦੇ ਰਾਸ਼ਟਰੀ ਜਨਰਲ ਸਕੱਤਰ ਕੁਲਦੀਪ ਸੋਨੀ ਅਤੇ ਵੱਖ-ਵੱਖ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਵਲੋਂ ਕੀਤੀ ਗਈ | ਸਮਾਜ ਸੇਵੀ ਕੁਲਦੀਪ ਸੋਨੀ ਨੇ ਸਰਕਾਰ ਅੱਗੇ ਮੰਗ ਰੱਖੀ ਕਿ ਸੜਕਾਂ 'ਤੇ ਲਾਵਾਰਸ ਘੁੰਮ ਰਹੇ ਪਸ਼ੂਆਂ ਕਾਰਨ ਆਏ ਦਿਨ ਹੋ ਰਹੇ ਜਾਨਲੇਵਾ ਹਾਦਸਿਆਂ ਨੂੰ ਰੋਕਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ | ਦੇਸੀ ਗਾਵਾਂ ਪਾਲਨ ਵਾਲੇ ਪਸ਼ੂ ਪਾਲਕਾਂ ਨੂੰ ਵਿਸ਼ੇਸ਼ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਵੇ | ਪੰਜਾਬ ਵਿਚ ਵੀ ਹੋਰਨਾਂ ਰਾਜਾਂ ਦੀ ਤਰਜ਼ 'ਤੇ ਗੋ ਪਾਲਨ ਲਈ ਪ੍ਰਭਾਵਸ਼ਾਲੀ ਯੋਜਨਾਵਾਂ ਲਾਗੂ ਹੋਣੀਆਂ ਚਾਹੀਦੀਆਂ ਹਨ | ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਨਾ ਰਹਿ ਕੇ ਧਰਾਤਲ 'ਤੇ ਗਊ ਹਸਪਤਾਲਾਂ ਅਤੇ ਆਸਰਾ ਸਥਾਨਾਂ ਦੇ ਵਿਸਥਾਰ ਵਜੋਂ ਦਿਖਾਈ ਦੇਣਾ ਚਾਹੀਦਾ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਅਤੇ ਗਊ ਭਗਤ ਹਾਜ਼ਰ ਸਨ, ਜਿਨ੍ਹਾਂ ਨੇ ਜਲਦੀ ਤੋਂ ਜਲਦੀ ਕਾਰਵਾਈ ਦੀ ਮੰਗ ਕੀਤੀ |