ਮੰਡੀ ਅਰਨੀਵਾਲਾ,15 ਮਈ (ਨਿਸ਼ਾਨ ਸਿੰਘ ਮੋਹਲ਼ਾ)-ਪਿੰਡ ਡੱਬਵਾਲਾ ਕਲਾ ਦੀ ਪੰਚਾਇਤ ਵਲੋਂ ਪਿੰਡ ਵਿਚ ਬਣੇ ਹੋਏ ਕਮਿਊਨਿਟੀ ਹੈਲਥ ਸੈਂਟਰ ਦਾ ਦੌਰਾ ਕੀਤਾ ਗਿਆ | ਪਿੰਡ ਦੇ ਸਰਪੰਚ ਅਵਿਨਾਸ਼ ਚੰਦਰ ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਦੌਰਾ ਕੀਤਾ ਗਿਆ ਤਾਂ ਪਾਇਆ ਗਿਆ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਸਟਾਫ਼ ਗੈਰ ਹਾਜ਼ਰ ਸੀ | ਪਿੰਡ ਦੇ ਸਰਪੰਚ ਨੇ ਦੱਸਿਆ ਕਿ ਇੱਥੇ 60 ਸਟਾਫ਼ ਮੈਂਬਰ ਡਿਊਟੀ ਕਰਦੇ ਹਨ | ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਬਹੁਤ ਪੁਰਾਣਾ ਹੈ ਅਤੇ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਬਣਿਆ ਹੋਇਆ ਪਰ ਦੁੱਖ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਸਟਾਫ਼ ਨੇ ਇੱਥੋਂ ਡਿਊਟੀਆਂ ਡੈਪੂਟੇਸ਼ਨ 'ਤੇ ਹੋਰ ਥਾਵਾਂ 'ਤੇ ਲਗਵਾਈਆਂ ਹੋਈਆਂ ਹਨ | ਜਿਸ ਕਰਕੇ ਇੱਥੇ ਲੋਕਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲ ਰਹੀ | ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਇੱਥੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਇੱਥੇ ਡਾਕਟਰ ਨਹੀਂ ਹੁੰਦੇ | ਜਿਸ ਕਰਕੇ ਆਮ ਲੋਕਾਂ ਨੂੰ ਇੱਥੋਂ ਖ਼ਾਲੀ ਹੱਥ ਮੁੜਨਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਸੱਤ ਵਿਚੋਂ ਸਿਰਫ਼ ਤਿੰਨ ਡਾਕਟਰ ਹਾਜ਼ਰ ਸਨ ਤੇ ਬਾਕੀ ਚਾਰ ਡਾਕਟਰ ਡੈਪੂਟੇਸ਼ਨ ਅਤੇ ਹੋਰ ਥਾਵਾਂ 'ਤੇ ਕੰਮ ਕਰ ਰਹੇ ਹਨ | ਇਸੇ ਤਰ੍ਹਾਂ ਪੈਰਾ ਮੈਡੀਕਲ ਸਟਾਫ਼ ਦੇ 43 ਵਿਚੋਂ ਵੀ 15 ਮੁਲਾਜ਼ਮ ਹੀ ਹਾਜ਼ਰ ਸਨ | ਕਲੈਰੀਕਲ ਸਟਾਫ਼ ਦੇ ਵਿਚੋਂ ਵੀ ਦੋ ਮੁਲਾਜ਼ਮ ਗੈਰ ਹਾਜ਼ਰ ਸਨ | ਸਰਪੰਚ ਅਵਿਨਾਸ਼ ਚੰਦਰ, ਪਿੰਡ ਵਾਸੀ ਕੁਲਦੀਪ ਸਿੰਘ ਗਿੱਲ, ਸੁਰਜੀਤ ਸਿੰਘ ਭੱਟੀ, ਸ਼ੇਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਡਾਕਟਰਾਂ ਦੀਆਂ ਅਸਾਮੀਆਂ ਭਰੀਆਂ ਹੋਈਆਂ ਹਨ ਪਰ ਡਾਕਟਰ ਡੈਪੂਟੇਸ਼ਨ 'ਤੇ ਹੋਰ ਕਿਧਰੇ ਡਿਊਟੀ ਕਰ ਰਹੇ ਹਨ ਅਤੇ ਇੱਥੇ ਆਣ ਕੇ ਡਿਊਟੀ ਨਹੀਂ ਕਰਨਾ ਚਾਹੁੰਦੇ | ਜਿਸ ਦੇ ਚੱਲਦਿਆਂ ਹਸਪਤਾਲ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ | ਸਰਪੰਚ ਅਵਿਨਾਸ਼ ਚੰਦਰ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕੀ ਇਸ ਹਸਪਤਾਲ ਦੇ ਵਿਚ ਵਧੀਆ ਸਹੂਲਤਾਂ ਉਪਲਬਧ ਕਰਵਾਈਆਂ ਜਾਣ ਅਤੇ ਲੋਕਾਂ ਨੂੰ ਇਸ ਦਾ ਲਾਭ ਮਿਲੇ ਪਰ ਜੇ ਇੱਥੇ ਡਾਕਟਰ ਨਹੀਂ ਬੈਠਣਗੇ ਤਾਂ ਲੋਕ ਇਸ ਦਾ ਫ਼ਾਇਦਾ ਕਿਸ ਤਰੀਕੇ ਨਾਲ ਉਠਾ ਸਕਣਗੇ | ਉੱਧਰ ਉੱਥੇ ਮੌਜੂਦ ਹਾਜ਼ਰ ਸਟਾਫ਼ ਨੇ ਪਿੰਡ ਦੇ ਸਰਪੰਚ ਅਤੇ ਪੰਚਾਇਤ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ | ਸਰਪੰਚ ਨੇ ਕਿਹਾ ਕਿ ਉਹ ਇਨ੍ਹਾਂ ਮੁਸ਼ਕਲਾਂ ਦਾ ਜਲਦ ਹੱਲ ਕਰਨਗੇ |