ਮੰਡੀ ਅਰਨੀਵਾਲਾ, 18 ਮਈ (ਨਿਸ਼ਾਨ ਸਿੰਘ ਮੋਹਲ਼ਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਰੇਡੀਐਂਟ ਪਬਲਿਕ ਸਕੂਲ ਮਾਹੂਆਣਾ ਬੋਦਲਾਂ ਦੀਆਂ ਵਿਦਿਆਰਥਣਾਂ ਵਲੋਂ ਭਾਰਤ ਸਕਾਊਟ ਐਂਡ ਗਾਈਡ ਦੁਆਰਾ ਸਥਾਪਿਤ ਤਾਰਾ ਦੇਵੀ ਟਰੇਨਿੰਗ ਸੈਂਟਰ ਸ਼ਿਮਲਾ ਵਿਖੇ ਪੰਜ ਰੋਜ਼ਾ ਹਾਈਕਿੰਗ ਅਤੇ ਟਰੈਕਿੰਗ ਕੈਂਪ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ | ਕੈਂਪ ਦੌਰਾਨ ਵਿਦਿਆਰਥਣਾਂ ਨੇ ਸਕੂਲ ਅਧਿਆਪਕ ਮੈਡਮ ਨਿਸ਼ਾ ਰਾਣੀ ਦੀ ਰਹਿਨੁਮਾਈ ਹੇਠ ਵੱਖ-ਵੱਖ ਗਤੀਵਿਧੀਆਂ ਦਾ ਭਰਪੂਰ ਅਨੰਦ ਮਾਣਿਆ | ਕੈਂਪ ਦੌਰਾਨ ਟਰੇਨਰਾਂ ਵਲੋਂ ਵਿਦਿਆਰਥਣਾਂ ਨੂੰ ਤਾਰਾ ਦੇਵੀ ਦੀਆਂ ਚੁਨੌਤੀ ਪੂਰਨ ਪਹਾੜੀਆਂ 'ਚ ਰੋਜ਼ਾਨਾ ਟਰੈਕਿੰਗ ਕਰਵਾਈ ਗਈ, ਜਿਸ ਨਾਲ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਮਰੱਥਾ ਮਜ਼ਬੂਤ ਹੋਈ | ਵਿਦਿਆਰਥਣਾਂ ਨੂੰ ਟਰੈਕਿੰਗ ਦੇ ਸੁਰੱਖਿਆ ਨਿਯਮਾਂ ਅਤੇ ਮੁਸ਼ਕਲ ਹਾਲਾਤਾਂ ਵਿਚ ਧੀਰਜ ਬਣਾਈ ਰੱਖਣ ਦੀ ਸਿਖਲਾਈ ਦਿੱਤੀ ਗਈ | ਇਸ ਤੋਂ ਇਲਾਵਾ ਰੋਜ਼ਾਨਾ ਸਵੇਰੇ ਯੋਗਾ ਤੇ ਪੀ.ਟੀ.ਸੈਸ਼ਨ ਕਰਵਾਏ ਗਏ | ਪ੍ਰੈਕਟੀਕਲ ਟਰੇਨਿੰਗ ਦੌਰਾਨ ਬੱਚਿਆਂ ਨੂੰ ਟੈਂਟ ਲਗਾਉਣ, ਕੈਂਪ ਮੈਨੇਜਮੈਂਟ ਅਤੇ ਐਮਰਜੈਂਸੀ ਹਾਲਾਤਾਂ ਵਿਚ ਮੁੱਢਲੀ ਸਹਾਇਤਾ ਪ੍ਰਦਾਨ ਕਰਨ ਦੇ ਮਹੱਤਵਪੂਰਨ ਗੁਰ ਸਿਖਾਏ ਗਏ | ਕੈਂਪ ਦਾ ਸਭ ਤੋਂ ਆਕਰਸ਼ਕ ਹਿੱਸਾ ਸ਼ਾਮ ਦਾ 'ਕੈਂਪ ਫਾਇਰ' ਪ੍ਰੋਗਰਾਮ ਰਿਹਾ, ਜਿੱਥੇ ਗਾਈਡਾਂ ਨੇ ਦੇਸ਼ ਭਗਤੀ ਦੇ ਗੀਤ, ਲੋਕ ਨਾਚ ਅਤੇ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਭ ਦਾ ਮਨ ਮੋਹ ਲਿਆ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ | ਸਮਾਪਤੀ ਸਮਾਰੋਹ ਦੌਰਾਨ ਭਾਗੀਦਾਰ ਵਿਦਿਆਰਥਣਾਂ ਨੂੰ ਪ੍ਰਮਾਣ ਪੱਤਰ ਵੀ ਵੰਡੇ ਗਏ | ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ.ਪੰਕਜ ਧਮੀਜਾ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਦੇ ਚਰਿੱਤਰ ਨਿਰਮਾਣ ਅਤੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਭਾਰਤ ਸਕਾਊਟ ਐਂਡ ਗਾਈਡ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਕੂਲ ਪਿ੍ੰਸੀਪਲ ਸ਼੍ਰੀਮਤੀ ਨੀਤੀ ਸਿੰਘ ਨੇ ਵੀ ਵਿਦਿਆਰਥਣਾਂ ਦੇ ਹੌਸਲੇ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਕਿਤਾਬੀ ਗਿਆਨ ਦੇ ਨਾਲ-ਨਾਲ ਜੀਵਨ ਦੀਆਂ ਅਸਲ ਚੁਨੌਤੀਆਂ ਦਾ ਸਾਹਮਣਾ ਕਰਨ ਲਈ ਅਜਿਹੀ ਵਿਹਾਰਕ ਸਿਖਲਾਈ ਸਮੇਂ ਦੀ ਮੁੱਖ ਲੋੜ ਹੈ |