ਜਲਾਲਾਬਾਦ, 18 ਮਈ (ਕਰਨ ਚੁਚਰਾ)-ਲਾਲਾ ਜਗਤ ਨਰਾਇਣ ਐਜੂਕੇਸ਼ਨ ਕਾਲਜ ਦੀ ਬੀ.ਐੱਡ. ਸੈਸ਼ਨ 2025-2027 ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਖੇਡਾਂ ਦੇ ਖੇਤਰ ਵਿਚ ਕਾਲਜ ਅਤੇ ਜ਼ਿਲ੍ਹੇ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ | ਹੋਣਹਾਰ ਖਿਡਾਰਨ ਮਨਪ੍ਰੀਤ ਕੌਰ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਆਯੋਜਿਤ ਹੋਈ ਰਾਸ਼ਟਰੀ ਪੱਧਰ ਦੀ ਪੰਜਵੀਂ 'ਐੱਸ.ਕੇ.ਐੱਸ.ਏ.ਪੰਜਾਬ ਨੌਰਥ ਇੰਡੀਆ ਚੈਂਪੀਅਨਸ਼ਿਪ 2026' ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਿੱਕ ਬਾਕਸਿੰਗ (ਕਰਾਟੇ) ਮੁਕਾਬਲੇ ਵਿਚੋਂ ਸੋਨ ਤਗਮਾ ਹਾਸਲ ਕੀਤਾ ਹੈ | ਜ਼ਿਲ੍ਹਾ ਫ਼ਾਜ਼ਿਲਕਾ ਨਾਲ ਸਬੰਧਿਤ ਅਤੇ ਜਸਵਿੰਦਰ ਸਿੰਘ ਦੀ ਸਪੁੱਤਰੀ ਮਨਪ੍ਰੀਤ ਕੌਰ ਦੀ ਇਸ ਮਿਸਾਲੀ ਪ੍ਰਾਪਤੀ 'ਤੇ ਕਾਲਜ ਵਿਹੜੇ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ | ਇਸ ਮੌਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ ਅਨੇਜਾ, ਪ੍ਰਧਾਨ ਪ੍ਰਦੀਪ ਕੁਮਾਰ ਚੁੱਘ, ਖ਼ਜ਼ਾਨਚੀ ਚੰਦਰ ਸ਼ੇਖਰ ਗੂੰਬਰ, ਸਿੱਖਿਆ ਸ਼ਾਸਤਰੀ ਗੁਰਬਖ਼ਸ਼ ਸਿੰਘ ਖੁਰਾਨਾ ਅਤੇ ਕਾਲਜ ਪਿ੍ੰਸੀਪਲ ਡਾ.ਨੀਤਿਕਾ ਨੇ ਸਾਂਝੇ ਤੌਰ 'ਤੇ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਕਾਲਜ ਪ੍ਰਬੰਧਕਾਂ ਅਤੇ ਪਿ੍ੰਸੀਪਲ ਨੇ ਖਿਡਾਰਨ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਆਖਿਆ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਵੱਧ-ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ | ਉਨ੍ਹਾਂ ਉਮੀਦ ਪ੍ਰਗਟਾਈ ਕਿ ਮਨਪ੍ਰੀਤ ਕੌਰ ਭਵਿੱਖ ਵਿਚ ਵੀ ਇਸੇ ਤਰ੍ਹਾਂ ਅੰਤਰਰਾਸ਼ਟਰੀ ਪੱਧਰ 'ਤੇ ਸਫਲਤਾਵਾਂ ਹਾਸਿਲ ਕਰਕੇ ਆਪਣੇ ਮਾਪਿਆਂ, ਇਲਾਕੇ ਅਤੇ ਕਾਲਜ ਦਾ ਨਾਮ ਰੌਸ਼ਨ ਕਰਦੀ ਰਹੇਗੀ | ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |