28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਸਰਕਾਰੀ ਮਾਡਲ ਹਾਈ ਸਕੂਲ ਅਬੋਹਰ ਦਾ ਰਿਟਾ. ਆਈ.ਏ.ਐਸ. ਮਾਧਵੀ ਕਟਾਰੀਆ ਨੇ ਕੀਤਾ ਦੌਰਾ

ਅਜੀਤ ਡੈਸਕ 20-05-2026
ਅਬੋਹਰ, 19 ਮਈ (ਵਿਵੇਕ ਹੂੜੀਆ)-ਸਥਾਨਕ ਸਰਕਾਰੀ ਮਾਡਲ ਹਾਈ ਸਕੂਲ ਅਬੋਹਰ ਵਿਖੇ ਉਸ ਵੇਲੇ ਖ਼ੁਸ਼ੀ ਦੀ ਲਹਿਰ ਦੌੜ ਗਈ ਜਦੋਂ ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਰਿਟਾਇਰਡ ਆਈ.ਏ.ਐੱਸ.ਅਫ਼ਸਰ ਸ਼੍ਰੀਮਤੀ ਮਾਧਵੀ ਕਟਾਰੀਆ ਵਲੋਂ ਵਿਸ਼ੇਸ਼ ਤੌਰ 'ਤੇ ਸਕੂਲ ਦਾ ਦੌਰਾ ਕੀਤਾ ਗਿਆ | ਸਕੂਲ ਪਹੁੰਚਣ 'ਤੇ ਮੁੱਖ ਅਧਿਆਪਕ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰੇ ਦੌਰਾਨ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਸਕੂਲ ਦੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਅਤੇ ਵਿੱਦਿਆ ਦੇ ਪਸਾਰ ਲਈ ਦੋ ਵੱਡੀਆਂ ਸਕਾਲਰਸ਼ਿਪਾਂ ਦਾ ਐਲਾਨ ਕੀਤਾ | ਉਨ੍ਹਾਂ ਵਲੋਂ ਪਹਿਲਾ ਐਲਾਨ 'ਸ਼੍ਰੀਮਤੀ ਦਵਿੰਦਰ ਕਟਾਰੀਆ ਸਕਾਲਰਸ਼ਿਪ' ਦੇ ਰੂਪ ਵਿਚ ਕੀਤਾ ਗਿਆ, ਜਿਸ ਤਹਿਤ ਸਰਕਾਰੀ ਮਾਡਲ ਹਾਈ ਸਕੂਲ ਅਬੋਹਰ ਤੋਂ ਦਸਵੀਂ ਜਮਾਤ ਪਾਸ ਕਰਕੇ ਕਿਸੇ ਵੀ ਪ੍ਰੋਫੈਸ਼ਨਲ ਅੰਡਰ-ਗ੍ਰੈਜੂਏਟ ਕੋਰਸ ਵਿਚ ਦਾਖ਼ਲਾ ਲੈਣ ਵਾਲੇ ਇਕ ਹੋਣਹਾਰ ਲੜਕੇ ਅਤੇ ਇਕ ਲੜਕੀ ਨੂੰ ਹਰ ਸਾਲ 1-1 ਲੱਖ ਰੁਪਏ ਪ੍ਰਤੀ ਵਿਦਿਆਰਥੀ ਸਕਾਲਰਸ਼ਿਪ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਉਨ੍ਹਾਂ ਵਲੋਂ ਦੂਜੀ 'ਮਾਧਵੀ ਕਟਾਰੀਆ ਸਕਾਲਰਸ਼ਿਪ ਫ਼ਾਰ ਮੈਰੀਟੋਰੀਅਸ ਸਟੂਡੈਂਟਸ' ਦੀ ਵੀ ਘੋਸ਼ਣਾ ਕੀਤੀ ਗਈ | ਇਸ ਯੋਜਨਾ ਤਹਿਤ ਸਕੂਲ ਦੀਆਂ 7ਵੀਂ, 8ਵੀਂ, 9ਵੀਂ ਅਤੇ 10ਵੀਂ ਜਮਾਤਾਂ ਦੇ ਹੋਣਹਾਰ ਵਿਦਿਆਰਥੀਆਂ ਇਕ ਲੜਕਾ ਅਤੇ ਇਕ ਲੜਕੀ ਨੂੰ ਕ੍ਰਮਵਾਰ 2100/-, 3100/-, 4100/- ਅਤੇ 5100/- ਰੁਪਏ ਪ੍ਰਤੀ ਸਾਲ ਵਜ਼ੀਫ਼ਾ ਦਿੱਤਾ ਜਾਵੇਗਾ | ਇਸੇ ਪ੍ਰੋਗਰਾਮ ਦੇ ਅਧੀਨ ਸਕੂਲ ਵਿਚ ਵਿਦਿਆਰਥੀਆਂ ਨੂੰ ਇਹ ਸਕਾਲਰਸ਼ਿਪ ਰਾਸ਼ੀ ਵੰਡੀ ਵੀ ਗਈ | ਸਮਾਗਮ ਦੇ ਅਖੀਰ ਵਿਚ ਮੁੱਖ ਅਧਿਆਪਕ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਸਕੂਲ ਦਾ ਨਾਂ ਰੌਸ਼ਨ ਕਰਨ ਵਾਲੀ ਇਸ ਮਹਾਨ ਸ਼ਖ਼ਸੀਅਤ ਸ਼੍ਰੀਮਤੀ ਮਾਧਵੀ ਕਟਾਰੀਆ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਕੰਬਾਈਨ ਨਾਲ ਮੋਟਰਸਾਈਕਲ ਸਵਾਰ ਨੂੰ ਫੇਟ ਮਾਰਨ ਵਾਲੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਹੋਣਹਾਰ ਵਿਦਿਆਰਥੀਆਂ ਲਈ ਲੱਖਾਂ ਰੁਪਏ ਦੀ ਸਕਾਲਰਸ਼ਿਪ ਦਾ ਕੀਤਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।