ਅਬੋਹਰ, 4 ਜੂਨ (ਵਿਵੇਕ ਹੂੜੀਆ)-ਇਲਾਕੇ ਅੰਦਰ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ਵਿਚ ਚਿੰਤਾ ਦਾ ਮਾਹੌਲ ਹੈ। ਤਾਜ਼ਾ ਮਾਮਲਾ ਅਬੋਹਰ ਦੇ ਹਨੂਮਾਨਗੜ੍ਹ ਰੋਡ ਸਥਿਤ ਕਾਲਜ ਰੋਡ ‘ਤੇ ਬਣੇ ‘ਸਿਟੀ ਵਾਕ ਮਾਲ’ ਦੇ ਸਾਹਮਣੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਅਣਪਛਾਤੇ ਨੌਜਵਾਨ ਨੇ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ ਅੰਦਰੋਂ ਬੈਗ ਚੋਰੀ ਕਰ ਲਿਆ। ਮੁਲਜ਼ਮ ਦੀ ਇਹ ਸਾਰੀ ਕਰਤੂਤ ਮਾਲ ਵਿਚ ਲੱਗੇ ਸੀ.ਸੀ.ਟੀ.ਵੀ.ਕੈਮਰਿਆਂ ਵਿਚ ਕੈਦ ਹੋ ਗਈ ਹੈ। ਜਾਣਕਾਰੀ ਦਿੰਦਿਆਂ ਪੀੜਤ ਕਾਰੋਬਾਰੀ ਡਿਪਟੀ ਗੋਇਲ ਨੇ ਦੱਸਿਆ ਕਿ ਉਹ ਆਪਣੀ ਕਾਰ ਵਿਚ ਸਵਾਰ ਹੋ ਕੇ ਹਨੂਮਾਨਗੜ੍ਹ ਰੋਡ ‘ਤੇ ਕਿਸੇ ਕੰਮ ਲਈ ਗਏ ਸਨ। ਉਨ੍ਹਾਂ ਨੇ ਆਪਣੀ ਕਾਰ ਸਿਟੀ ਵਾਕ ਮਾਲ ਦੇ ਬਾਹਰ ਖੜ੍ਹੀ ਕੀਤੀ ਅਤੇ ਆਪਣਾ ਬੈਗ ਕਾਰ ਦੇ ਅੰਦਰ ਹੀ ਰੱਖ ਕੇ ਕਿਸੇ ਕੰਮ ਲਈ ਨੇੜਲੇ ਪੈਟਰੋਲ ਪੰਪ ਵੱਲ ਚਲੇ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਸ਼ੱਕੀ ਨੌਜਵਾਨ ਪਹਿਲਾਂ ਹੀ ਉਨ੍ਹਾਂ ‘ਤੇ ਨਜ਼ਰ ਰੱਖ ਰਿਹਾ ਸੀ ਅਤੇ ਉਸ ਨੇ ਦੂਰੋਂ ਹੀ ਕਾਰ ਵਿਚ ਬੈਗ ਰੱਖਦੇ ਹੋਏ ਦੇਖ ਲਿਆ ਸੀ। ਸੀ.ਸੀ.ਟੀ.ਵੀ. ਫੁਟੇਜ ਮੁਤਾਬਿਕ, ਮੁਲਜ਼ਮ ਕਰੀਬ 15 ਮਿੰਟ ਤੱਕ ਕਾਰ ਦੇ ਆਲੇ-ਦੁਆਲੇ ਘੁੰਮ ਕੇ ਰੇਕੀ ਕਰਦਾ ਰਿਹਾ। ਇਸ ਤੋਂ ਬਾਅਦ ਉਹ ਹੌਲੀ-ਹੌਲੀ ਕਾਰ ਦੇ ਨੇੜੇ ਪਹੁੰਚਿਆ ਅਤੇ ਹੱਥ ਵਿਚ ਫੜੇ ਪੱਥਰ ਨਾਲ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਸ਼ੀਸ਼ਾ ਤੋੜਨ ਤੋਂ ਬਾਅਦ ਵੀ ਉਹ ਤੁਰੰਤ ਬੈਗ ਲੈ ਕੇ ਨਹੀਂ ਭੱਜਿਆ, ਬਲਕਿ ਸ਼ੱਕ ਤੋਂ ਬਚਣ ਲਈ ਅਗਲੇ 10 ਮਿੰਟ ਤੱਕ ਉੱਥੇ ਹੀ ਮੰਡਰਾਉਂਦਾ ਰਿਹਾ। ਜਿਵੇਂ ਹੀ ਉਸ ਨੂੰ ਮੌਕਾ ਮਿਲਿਆ, ਉਹ ਕਾਰ ਵਿਚੋਂ ਬੈਗ ਚੁੱਕ ਕੇ ਰਫ਼ੂ-ਚੱਕਰ ਹੋ ਗਿਆ। ਕਾਰ ਮਾਲਕ ਡਿਪਟੀ ਗੋਇਲ ਨੇ ਦੱਸਿਆ ਕਿ ਬੈਗ ਵਿਚ ਕੋਈ ਨਕਦੀ ਨਹੀਂ ਸੀ, ਪਰ ਉਸ ਵਿਚ ਟਰੈਕਟਰ ਦੀ ਆਰ.ਸੀ, ‘ਸਿੱਧੂ ਬ੍ਰਿਕਸ’ ਦੇ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼, ਕੁੱਝ ਲੇਜ਼ਰ ਅਤੇ ਇਕ ਪੁਰਾਣਾ ਲੈਪਟਾਪ ਮੌਜੂਦ ਸੀ। ਉਨ੍ਹਾਂ ਕਿਹਾ ਕਿ ਕੀਮਤੀ ਦਸਤਾਵੇਜ਼ ਚੋਰੀ ਹੋਣ ਕਾਰਨ ਉਹ ਕਾਫ਼ੀ ਪਰੇਸ਼ਾਨ ਹਨ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਹ ਬੈਗ ਜਾਂ ਦਸਤਾਵੇਜ਼ ਕਿਤੇ ਸੁੱਟੇ ਹੋਏ ਮਿਲਣ ਤਾਂ ਤੁਰੰਤ ਉਨ੍ਹਾਂ ਨੂੰ ਜਾਂ ਨੇੜੇ ਦੇ ਥਾਣੇ ਵਿਚ ਸੂਚਿਤ ਕੀਤਾ ਜਾਵੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ ਅਤੇ ਸੀ.ਸੀ.ਟੀ.ਵੀ.ਫੁਟੇਜ ਦੇ ਆਧਾਰ ‘ਤੇ ਚੋਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਬੋਹਰ ‘ਚ ਦਿਨ-ਦਿਹਾੜੇ ਕਾਰ ਦਾ ਸ਼ੀਸ਼ਾ ਤੋੜ ਕੇ ਬੈਗ ਚੋਰੀ, ਵਾਰਦਾਤ ਸੀ.ਸੀ.ਟੀ.ਵੀ.ਕੈਮਰੇ ‘ਚ ਕੈਦ
ਅਜੀਤ ਡੈਸਕ
05-06-2026