ਫ਼ਾਜ਼ਿਲਕਾ, 9 ਜੂਨ (ਦਵਿੰਦਰ ਪਾਲ ਸਿੰਘ)-ਥਾਣਾ ਅਰਨੀਵਾਲਾ ਪੁਲਿਸ ਨੇ ਲੱਖਾਂ ਰੁਪਏ, ਮੋਬਾਈਲ ਅਤੇ ਹੋਰ ਸਮਾਨ ਖੋਹ ਕੇ ਫ਼ਰਾਰ ਹੋਏ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਨੇ ਦੱਸਿਆ ਕਿ ਸੁਰਿੰਦਰ ਕੁਮਾਰ ਪੁੱਤਰ ਮਿਲਖ ਰਾਜ ਵਾਸੀ ਵਾਰਡ ਨੰਬਰ 3 ਮੰਡੀ ਅਰਨੀਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੀ ਪਤਨੀ ਅਲਕਾ ਰਾਣੀ ਨਾਲ ਪੈਦਲ ਘਰ ਜਾ ਰਿਹਾ ਸੀ ਤਾਂ 2 ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਆਏ ਅਤੇ ਉਸ ਦੀ ਪਤਨੀ ਦੇ ਹੱਥ ਵਿਚ ਫੜਿਆ ਬੈਗ ਖੋਹ ਕੇ ਫ਼ਰਾਰ ਹੋ ਗਏ | ਬੈਗ ਵਿਚ 1,23,000 ਰੁਪਏ, 1 ਮੋਬਾਈਲ ਫ਼ੋਨ, 1 ਕੈਲਕੂਲੇਟਰ ਅਤੇ ਹੋਰ ਸਮਾਨ ਸੀ | ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |