ਅਬੋਹਰ, 9 ਜੂਨ (ਵਿਵੇਕ ਹੂੜੀਆ) -ਸਥਾਨਕ ਜੰਮੂ ਬਸਤੀ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਅੰਮਿ੍ਤ ਵੇਲੇ ਦਾਣਾ ਮੰਡੀ ਨੇੜੇ ਹਥਿਆਰਾਂ ਦੀ ਨੋਕ 'ਤੇ ਲੁੱਟਣ ਵਾਲੇ ਦੋ ਨਕਾਬਪੋਸ਼ ਲੁਟੇਰਿਆਂ ਨੂੰ ਥਾਣਾ ਸਿਟੀ-1 ਦੀ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਮਹਿਜ਼ ਦੋ ਦਿਨਾਂ ਦੇ ਅੰਦਰ ਗਿ੍ਫ਼ਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ਵੇਲੇ ਵਰਤੇ ਗਏ ਮਾਰੂ ਹਥਿਆਰ ਅਤੇ ਲੁੱਟੀ ਗਈ ਨਕਦੀ ਵੀ ਬਰਾਮਦ ਕਰ ਲਈ ਹੈ | ਪੀੜਤ ਵਿਅਕਤੀ ਨੇ ਅਬੋਹਰ ਪੁਲਿਸ ਦੀ ਇਸ ਕਾਰਵਾਈ 'ਤੇ ਪੂਰੀ ਤਸੱਲੀ ਪ੍ਰਗਟਾਈ ਹੈ | ਇਸ ਸਬੰਧੀ ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ.ਹਰੀਸ਼ ਕੁਮਾਰ ਅਤੇ ਥਾਣਾ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਮਲਕੀਤ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਜੰਮੂ ਬਸਤੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ 6 ਜੂਨ ਦੀ ਸਵੇਰ ਕਰੀਬ ਸਾਢੇ 4 ਵਜੇ ਜਦੋਂ ਉਹ ਗੁਰਦੁਆਰਾ ਨਾਨਕਸਰ ਟੋਭਾ ਵਿਖੇ ਮੱਥਾ ਟੇਕਣ ਜਾ ਰਿਹਾ ਸੀ, ਤਾਂ ਮਾਰਕੀਟ ਕਮੇਟੀ ਦੇ ਸੁਵਿਧਾ ਕੇਂਦਰ ਨੇੜੇ ਦੋ ਨਕਾਬਪੋਸ਼ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ | ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ 2500 ਰੁਪਏ ਦੀ ਨਕਦੀ ਅਤੇ ਜ਼ਰੂਰੀ ਕਾਗ਼ਜ਼ਾਤ ਲੁੱਟ ਲਏ ਅਤੇ ਫ਼ਰਾਰ ਹੋ ਗਏ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਟੀਮਾਂ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ | ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ ਵਿਚ ਮੁਲਜ਼ਮ ਹੱਥਾਂ ਵਿਚ ਤੇਜ਼ਧਾਰ ਹਥਿਆਰ ਲੈ ਕੇ ਭੱਜਦੇ ਸਾਫ਼ ਦਿਖਾਈ ਦੇ ਰਹੇ ਸਨ | ਇਸ ਫੁਟੇਜ ਦੇ ਆਧਾਰ 'ਤੇ ਪੁਲਿਸ ਨੇ ਦੋਵਾਂ ਮੁਲਜ਼ਮਾਂ, ਜਿਨ੍ਹਾਂ ਦੀ ਪਛਾਣ ਸੰਦੀਪ ਸਿੰਘ ਉਰਫ਼ ਬੱਬਲੂ ਪੁੱਤਰ ਜਸਵੰਤ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਗੁਰਨਾਮ ਸਿੰਘ ਦੋਵੇਂ ਨਿਵਾਸੀ ਸੀਡ ਫਾਰਮ, ਅਬੋਹਰ ਵਜੋਂ ਹੋਈ ਹੈ, ਨੂੰ ਦਬੋਚ ਲਿਆ | ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਤਫ਼ਤੀਸ਼ ਦੌਰਾਨ ਮੁਲਜ਼ਮ ਸੰਦੀਪ ਸਿੰਘ ਕੋਲੋਂ ਲੋਹੇ ਦਾ ਕਾਪਾ 'ਤੇ 550 ਰੁਪਏ ਅਤੇ ਬਲਵਿੰਦਰ ਸਿੰਘ ਕੋਲੋਂ ਲੋਹੇ ਦੀ ਰਾਡ 'ਤੇ 1200 ਰੁਪਏ ਦੀ ਨਕਦੀ ਬਰਾਮਦ ਹੋਈ ਹੈ | ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਸੰਦੀਪ ਬੱਬਲੂ 'ਤੇ ਪਹਿਲਾਂ ਵੀ ਥਾਣਾ ਸਿਟੀ-1 ਅਤੇ ਥਾਣਾ ਸਦਰ ਵਿਚ 5 ਅਪਰਾਧਿਕ ਮਾਮਲੇ ਦਰਜ ਹਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੌਰਾਨ ਸ਼ਹਿਰ 'ਚ ਹੋਈਆਂ ਹੋਰ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਖ਼ੁਲਾਸੇ ਕੀਤੇ ਜਾ ਸਕਣ |