ਅਬੋਹਰ , 9 ਜੂਨ (ਸੁਖਜੀਤ ਸਿੰਘ ਬਰਾੜ/ਵਿਵੇਕ ਹੂੜੀਆ)-ਖੇਤੀ ਵਿਗਿਆਨ ਕੇਂਦਰ ਵਲੋਂ ਪਿੰਡ ਬਹਾਵਲਬਾਸੀ ਅਤੇ ਕੇਰਾ ਖੇੜਾ ਵਿਚ ਖੇਤ ਬਚਾਓ ਮੁਹਿੰਮ ਦੇ ਤਹਿਤ ਕਿਸਾਨਾਂ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ | ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਮਿੱਟੀ ਸਿਹਤ ਸੰਭਾਲ, ਕੁਦਰਤੀ ਸਰੋਤਾਂ ਦੇ ਸਥਾਈ ਵਰਤੋਂ ਅਤੇ ਮਨੁੱਖੀ ਸਿਹਤ ਸੁਧਾਰ ਪ੍ਰਤੀ ਜਾਗਰੂਕ ਕਰਨਾ ਸੀ | ਪ੍ਰੋਗਰਾਮ ਦੌਰਾਨ ਡਾ.ਰੁਪਿੰਦਰ ਕੌਰ ਅਤੇ ਡਾ.ਪ੍ਰਕਾਸ਼ ਚੰਦ ਗੁਰਜਰ ਨੇ ਕਿਸਾਨਾਂ ਨੂੰ ਖੇਤਾਂ ਵਿਚ ਮਿੱਟੀ ਅਤੇ ਪਾਣੀ ਦੀ ਜਾਂਚ ਕਰਵਾਉਣ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਮਿੱਟੀ ਅਤੇ ਪਾਣੀ ਦੀ ਜਾਂਚ ਦੇ ਆਧਾਰ 'ਤੇ ਖਾਦਾਂ ਦਾ ਸੰਤੁਲਿਤ ਇਸਤੇਮਾਲ ਕਰਨ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹਿੰਦੀ ਹੈ, ਪੈਦਾਵਾਰ ਦੀ ਲਾਗਤ ਘੱਟ ਹੁੰਦੀ ਹੈ ਅਤੇ ਫ਼ਸਲ ਦੀ ਪੈਦਾਵਾਰ ਵਿਚ ਵਾਧਾ ਹੁੰਦਾ ਹੈ | ਵਿਗਿਆਨੀਆਂ ਨੇ ਕਿਸਾਨਾਂ ਨੂੰ ਹਰੀ ਖਾਦ ਦੀ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਇਸ ਦੇ ਫ਼ਾਇਦਿਆਂ 'ਤੇ ਚਾਨਣਾ ਪਾਇਆ | ਇਸ ਦੇ ਨਾਲ ਹੀ ਪਸ਼ੂ ਪਾਲਨ ਅਤੇ ਵਰਮੀ ਕੰਪੋਸਟ ਉਤਪਾਦਨ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੰਦੇ ਹੋਏ ਦੱਸਿਆ ਕਿ ਖੇਤੀ ਅਤੇ ਪਸ਼ੂ ਪਾਲਨ ਦੇ ਏਕੀਕਰਿਤ ਮਾਡਲ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧੇ ਦੇ ਨਾਲ-ਨਾਲ ਖੇਤਾਂ ਵਿਚ ਜੈਵਿਕ ਪਦਾਰਥਾਂ ਦੀ ਮਾਤਰਾ ਵੀ ਵਧਾਈ ਜਾ ਸਕਦੀ ਹੈ |