03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਮੌਨਸੂਨ ਦੇ ਸੀਜ਼ਨ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਇੰਚਾਰਜ ਨਾਰੰਗ ਨੇ ਅਧਿਕਾਰੀਆਂ ਨਾਲ ਕੀਤੀ ਅਹਿਮ ਬੈਠਕ * ਬਰਸਾਤ ਦੇ ਮੌਸਮ ਤੋਂ ਪਹਿਲਾਂ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਦਿੱਤੇ ਸਖ਼ਤ ਨਿਰਦੇਸ਼

ਅਜੀਤ ਡੈਸਕ 16-06-2026
ਅਬੋਹਰ, 15 ਜੂਨ (ਵਿਵੇਕ ਹੂੜੀਆ)-ਆਉਣ ਵਾਲੇ ਦਿਨਾਂ ਵਿਚ ਮਾਨਸੂਨ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਰੁਣ ਨਾਰੰਗ ਵਲੋਂ ਨਗਰ ਨਿਗਮ ਵਿਖੇ ਸੈਨੇਟਰੀ ਇੰਸਪੈਕਟਰਾਂ, ਵਾਟਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ ਗਈ। ਇਸ ਬੈਠਕ ਦੌਰਾਨ ਉਨ੍ਹਾਂ ਨੇ ਮਾਨਸੂਨ ਦੀਆਂ ਤਿਆਰੀਆਂ ਸਬੰਧੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਬੈਠਕ ਤੋਂ ਬਾਅਦ ਜਾਣਕਾਰੀ ਦਿੰਦਿਆਂ ਅਰੁਣ ਨਾਰੰਗ ਨੇ ਦੱਸਿਆ ਕਿ ਮੌਜੂਦਾ ਸਮੇਂ ਅਬੋਹਰ ਸ਼ਹਿਰ ਵਿਚ ਫ਼ਾਜ਼ਿਲਕਾ ਤੋਂ ਜੈਟਿੰਗ ਮਸ਼ੀਨ ਮੰਗਵਾ ਕੇ ਸੀਵਰੇਜ ਦੀ ਸਫ਼ਾਈ ਦਾ ਕੰਮ ਚਲਾਇਆ ਜਾ ਰਿਹਾ ਹੈ, ਜਦਕਿ ਇਸ ਸਮੇਂ ਸ਼ਹਿਰ ਲਈ ਇਕ ਨਵੀਂ ਹਾਈ-ਟੈਕ ਮਸ਼ੀਨ ਦੀ ਸਖ਼ਤ ਜ਼ਰੂਰਤ ਹੈ। ਇਸ ਤੋਂ ਇਲਾਵਾ ਸੀਵਰੇਜ ਸਫ਼ਾਈ ਦੌਰਾਨ ਗੰਦਾ ਪਾਣੀ ਖਿੱਚਣ ਵਾਲੇ ਦੋ ਵੱਡੇ ਟੈਂਕਰਾਂ ਦੀ ਵੀ ਲੋੜ ਹੈ। ਉਨ੍ਹਾਂ ਦੱਸਿਆ ਕਿ ਬਰਸਾਤ ਦੇ ਦਿਨਾਂ ਵਿਚ ਸ਼ਹਿਰ ਵਾਸੀਆਂ ਨੂੰ ਦਿੱਕਤ ਨਾ ਆਵੇ, ਇਸ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ-ਕਮ-ਨਗਰ ਨਿਗਮ ਕਮਿਸ਼ਨਰ ਦੇ ਮਾਧਿਅਮ ਰਾਹੀਂ ਸਬੰਧਿਤ ਵਿਭਾਗ ਨੂੰ ਲਿਖਤੀ ਪੱਤਰ ਭੇਜ ਕੇ ਇਨ੍ਹਾਂ ਮਸ਼ੀਨਾਂ ਦੀ ਮੰਗ ਕੀਤੀ ਹੈ। ਇਸ ਮੌਕੇ ਹਲਕਾ ਇੰਚਾਰਜ ਨੇ ਪਿਛਲੇ ਭਾਜਪਾ ਦੇ ਨਿਗਮ ਬੋਰਡ ‘ਤੇ ਤਿੱਖੇ ਸਿਆਸੀ ਹਮਲੇ ਕਰਦਿਆਂ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਆਇਆ ਕਰੀਬ 700 ਕਰੋੜ ਰੁਪਏ ਦਾ ਫ਼ੰਡ ਬੁਰੀ ਤਰ੍ਹਾਂ ਬਰਬਾਦ ਕੀਤਾ ਗਿਆ। ਸ਼ਹਿਰ ਵਿਚ ਜੋ ਸੀਵਰੇਜ ਪਾਈਪ ਲਾਈਨਾਂ ਪਾਈਆਂ ਗਈਆਂ ਸਨ, ਉਨ੍ਹਾਂ ਵਿਚੋਂ ਕਈ ਲਾਈਨਾਂ ਹੁਣੇ ਤੋਂ ਹੀ ਨਕਾਰਾ ਹੋ ਚੁੱਕੀਆਂ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸੀਵਰੇਜ ਲਾਈਨ ਵਿਛਾਉਣ ਵਾਲੀ ਕੰਪਨੀ ਦਾ 10 ਸਾਲਾਂ ਲਈ ਮੇਨਟੇਨੈਂਸ ਦਾ ਠੇਕਾ ਸੀ, ਪਰ ਲਾਈਨਾਂ ਖ਼ਰਾਬ ਹੋਣ ਦੇ ਬਾਵਜੂਦ ਉਕਤ ਕੰਪਨੀ ਨੇ 10 ਦਿਨ ਵੀ ਇਸ ਦੀ ਸੰਭਾਲ ਨਹੀਂ ਕੀਤੀ। ਅਰੁਣ ਨਾਰੰਗ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣੇ 20 ਕੌਂਸਲਰਾਂ ਸਮੇਤ ਸ਼ਹਿਰ ਵਿਚ ਬਿਹਤਰ ਸੀਵਰੇਜ ਵਿਵਸਥਾ ਅਤੇ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਨਿਰੰਤਰ ਯਤਨਸ਼ੀਲ ਰਹਿਣਗੇ, ਕਿਉਂਕਿ ਉਹ ਸ਼ਹਿਰ ਵਾਸੀਆਂ ਨੂੰ ਮੂਲਭੂਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹਨ। ਇਸ ਅਹਿਮ ਬੈਠਕ ਵਿਚ ਵਾਟਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀ ਰਸ਼ਿਤ ਬਜਾਜ, ਸੈਨੇਟਰੀ ਇੰਸਪੈਕਟਰ ਜਸਵਿੰਦਰ ਸਿੰਘ ਤੇ ਕਰਤਾਰ ਸਿੰਘ ਸਮੇਤ ‘ਆਪ’ ਪਾਰਟੀ ਦੇ ਕਈ ਸੀਨੀਅਰ ਵਰਕਰ ਅਤੇ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਠੇਕੇਦਾਰ ਵਲੋਂ ਤਿੰਨ ਸੜਕਾਂ ’ਤੇ ਮੋਟਾ ਪੱਥਰ ਪਾ ਕੇ ਛੱਡਿਆ * ਰਾਹਗੀਰ ਪੇ੍ਸ਼ਾਨ, ਬੱਸਾਂ ਬੰਦ ਅਗਲੀ ਖ਼ਬਰ ਤੇਜ਼ ਬਾਰਸ਼ ਕਾਰਨ ਝੁੱਗੀ ‘ਤੇ ਡਿੱਗੀ ਕੰਧ, ਭੈਣ-ਭਰਾ ਸਮੇਤ ਚਾਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।