ਅਬੋਹਰ, 17 ਜੂਨ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਪੰਜਪੀਰ ਨਗਰ ਵਾਸੀ ਇਕ ਵਿਅਕਤੀ ਨੇ ਅਬੋਹਰ ਅਲਟਰਾਸਾਊਂਡ ਸੈਂਟਰ ਤੋਂ ਆਪਣੀ ਗਰਭਵਤੀ ਪਤਨੀ ਦੀ ਅਲਟਰਾਸਾਊਂਡ ਰਿਪੋਰਟ ਕਰਵਾਈ, ਜਿਸ ਵਿਚ ਬੱਚੇ ਨੂੰ ਮ੍ਰਿਤਕ ਕਰਾਰ ਦਿੰਦੇ ਹੋਏ ਆਬੋਰਸ਼ਨ ਕਰਵਾਉਣ ਦੀ ਸਲਾਹ ਦਿੱਤੀ ਗਈ ਜਦ ਕਿ ਹੋਰ ਥਾਂ ਤੋਂ ਕਰਵਾਈ ਰਿਪੋਰਟ ਵਿਚ ਬੱਚਾ ਸਹੀ ਪਾਇਆ ਗਿਆ। ਜਿਸ ਕਾਰਨ ਮਾਨਸਿਕ ਤੌਰ ’ਤੇ ਪੀੜਤ ਧਿਰ ਨੇ ਅਬੋਹਰ ਅਲਟਰਾਸਾਊਂਡ ਸੈਂਟਰ ਦੀ ਰਿਪੋਰਟ ’ਤੇ ਗੰਭੀਰ ਸਵਾਲ ਉਠਾਉਂਦੇ ਹੋਏ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਅਨੁਸਾਰ ਪੀੜਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਜਸਮੀਤ ਕੌਰ ਗਰਭਵਤੀ ਹੈ, ਜਿਸ ਦਾ ਜੈਨ ਨਗਰ ਸਥਿਤ ਨਿੱਜੀ ਹਸਪਤਾਲ ਤੋਂ ਚੈੱਕਅਪ ਅਤੇ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਹੇਠ ਉਨ੍ਹਾਂ ਆਪਣੀ ਪਤਨੀ ਦਾ ਅਲਟਰਾਸਾਊਂਡ ਕਰਵਾਉਣ ਲਈ ਅਬੋਹਰ ਅਲਟਰਾਸਾਊਂਡ ਸੈਂਟਰ ਗਿਆ। ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਉੱਥੇ ਕੀਤੇ ਗਏ ਅਲਟਰਾਸਾਊਂਡ ਦੌਰਾਨ ਆਈ ਰਿਪੋਰਟ ਮੁਤਾਬਿਕ ਗਰਭ ਵਿਚ ਪਲ ਰਹੇ ਬੱਚੇ ਨੂੰ ਮ੍ਰਿਤਕ ਦੱਸਿਆ ਗਿਆ। ਇਸ ਰਿਪੋਰਟ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿਚ ਚਲਾ ਗਿਆ ਕਿਉਂ ਕਿ ਉਕਤ ਬੱਚਾ ਉਨ੍ਹਾਂ ਦਾ ਪਹਿਲਾ ਬੱਚਾ ਸੀ। ਲਖਵਿੰਦਰ ਸਿੰਘ ਨੇ ਦੱਸਿਆ ਕਿ ਰਿਪੋਰਟ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਗਰਭਪਾਤ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ। ਪਰਿਵਾਰ ਅਨੁਸਾਰ ਇਸ ਖ਼ਬਰ ਨੇ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਝੰਜੋੜ ਕੇ ਰੱਖ ਦਿੱਤਾ ਅਤੇ ਘਰ ਵਿਚ ਸੋਗ ਵਾਲਾ ਮਾਹੌਲ ਬਣ ਗਿਆ ਹਾਲਾਂ ਕਿ ਜਸਮੀਤ ਕੌਰ ਨੂੰ ਲਗਾਤਾਰ ਇਹ ਮਹਿਸੂਸ ਹੋ ਰਿਹਾ ਸੀ ਕਿ ਉਸ ਦੇ ਗਰਭ ਵਿਚ ਬੱਚਾ ਹਰਕਤ ਕਰ ਰਿਹਾ ਹੈ। ਇਸ ਕਾਰਨ ਪਰਿਵਾਰ ਨੇ ਸੰਤੁਸ਼ਟੀ ਲਈ ਕਿਸੇ ਹੋਰ ਸੈਂਟਰ ਤੋਂ ਦੁਬਾਰਾ ਅਲਟਰਾਸਾਊਂਡ ਕਰਵਾਉਣ ਦਾ ਫ਼ੈਸਲਾ ਕੀਤਾ ਅਤੇ ਦੂਜੇ ਸੈਂਟਰ ਤੋਂ ਕਰਵਾਈ ਰਿਪੋਰਟ ਮੁਤਾਬਿਕ ਬੱਚਾ ਤੰਦਰੁਸਤ ਪਾਇਆ ਗਿਆ, ਜਿਸ ਤੋਂ ਬਾਅਦ ਉਹ ਹੈਰਾਨ ਰਹਿ ਗਏ। ਪੀੜਤ ਲਖਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ ਪਹਿਲੀ ਰਿਪੋਰਟ ’ਤੇ ਹੀ ਭਰੋਸਾ ਕਰਕੇ ਗਰਭਪਾਤ ਕਰਵਾ ਦਿੰਦੇ ਤਾਂ ਇਸ ਨਾਲ ਬੱਚੇ ਦੇ ਨਾਲ-ਨਾਲ ਮਾਂ ਦੀ ਜ਼ਿੰਦਗੀ ਨੂੰ ਗੰਭੀਰ ਖ਼ਤਰਾ ਹੋ ਸਕਦਾ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਹੋ ਸਕੇ। ਦੂਜੇ ਪਾਸੇ ਅਬੋਹਰ ਅਲਟਰਾਸਾਊਂਡ ਸੈਂਟਰ ਦੇ ਡਾ.ਸਰਵਨ ਜੁਨੇਜਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਈ ਬਾਰਡਰ ਲਾਈਨ ਕੇਸ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਕਈ ਵਾਰੀ ਬੱਚੇ ਦੇ ਦਿਲ ਦੀ ਧੜਕਣ ਨਹੀਂ ਆਉਂਦੀ, ਜਿਸ ਵਿਚ ਸਾਡੀ ਗ਼ਲਤੀ ਰਹੀ ਕਿਉਂ ਕਿ ਅਸੀਂ ਇਸ ਰਿਪੋਰਟ ਵਿਚ ਪ੍ਰਸ਼ਨ ਚਿੰਨ੍ਹ ਨਹੀਂ ਲਗਾਇਆ। ਅਸੀਂ ਪਰਿਵਾਰ ਤੋਂ ਉਕਤ ਲਈ ਮੁਆਫ਼ੀ ਮੰਗਦੇ ਹਾਂ।
ਅਬੋਹਰ ਅਲਟਰਾਸਾਊਂਡ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ
ਅਜੀਤ ਡੈਸਕ
18-06-2026