ਫ਼ਾਜ਼ਿਲਕਾ, 17 ਜੂਨ (ਅਮਰਜੀਤ ਸ਼ਰਮਾ)-ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਦੇ ਦਫ਼ਤਰ ਵਿਖੇ ਹੋਈ, ਜਿਸ ਵਿਚ ਅਧਿਆਪਕਾਂ ਨੂੰ ਪੇਸ਼ ਆ ਰਹੀਆਂ ਵੱਖ-ਵੱਖ ਸਮੱਸਿਆਵਾਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜੁਆਇੰਟ ਜਨਰਲ ਸਕੱਤਰ ਪੰਜਾਬ ਦਲਜੀਤ ਸਿੰਘ ਸਭਰਵਾਲ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਕਟਵਾਲ, ਸਰਪ੍ਰਸਤ ਧਰਮਿੰਦਰ ਗੁਪਤਾ ਅਤੇ ਜ਼ਿਲ੍ਹਾ ਕੈਸ਼ੀਅਰ ਪਵਨ ਕਾਵਾਂਵਾਲੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਉਨ੍ਹਾਂ 1377 ਅਧਿਆਪਕਾਂ ਲਈ ਪੋਰਟਲ ਦੁਬਾਰਾ ਖੋਲ੍ਹਣ ਦੀ ਮੰਗ ਚੁੱਕੀ, ਜਿਨ੍ਹਾਂ ਦਾ ਡਾਟਾ ਬਦਲੀਆਂ ਦੇ ਦੌਰਾਨ ਮਿਸਮੈਚ ਹੋ ਰਿਹਾ ਸੀ। ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਡੀ.ਪੀ.ਆਈ. ਸੈਕੰਡਰੀ ਵਲੋਂ ਮੌਕੇ ’ਤੇ ਹੀ ਟਰਾਂਸਫ਼ਰ ਪੋਰਟਲ ਖੋਲ੍ਹ ਦਿੱਤਾ ਗਿਆ ਅਤੇ ਸਮੂਹ ਡੀ.ਡੀ.ਓਜ ਨੂੰ ਡਾਟਾ ਦਰੁਸਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ। ਇਸ ਸਬੰਧੀ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੀਡੀਓ ਕਾਨਫ਼ਰੰਸ ਰਾਹੀਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਤਾਂ ਜੋ ਅਧਿਆਪਕ ਆਪਣੀ ਬਦਲੀ ਦੇ ਹੱਕ ਦਾ ਪੂਰਾ ਲਾਭ ਲੈ ਸਕਣ। ਆਗੂਆਂ ਵਲੋਂ ਉਨ੍ਹਾਂ ਅਧਿਆਪਕਾਂ ਬਾਰੇ ਵੀ ਗੱਲ ਕੀਤੀ ਗਈ ਜਿਨ੍ਹਾਂ ਦੀ ਏ.ਸੀ.ਆਰ. ਰਹਿ ਗਈ ਹੈ, ਜਿਸ ’ਤੇ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਨੇ ਜਥੇਬੰਦੀ ਨੂੰ ਕਿਹਾ ਕਿ ਡੀ.ਡੀ.ਓ.ਆਪਣੇ ਪੱਧਰ ’ਤੇ ਹਾਰਡ ਕਾਪੀ ਸੈੱਲਫ਼ ਅਪ੍ਰੇਜ਼ਲ ਕਰਕੇ ਇਸ ਨੂੰ ਮੁਕੰਮਲ ਕਰ ਸਕਦੇ ਹਨ। ਇਸ ਦੇ ਨਾਲ ਹੀ ਐੱਸ.ਐੱਸ.ਏ. ਰਮਸਾ ਅਧੀਨ ਕੰਮ ਕਰ ਚੁੱਕੇ ਅਧਿਆਪਕਾਂ ਦੀ ਲੈਂਥ ਆਫ਼ ਸਰਵਿਸ ਦੇ ਹਿਸਾਬ ਨਾਲ ਬਣਦੀਆਂ ਛੁੱਟੀਆਂ ਦਾ ਮਸਲਾ ਵੀ ਡੀ.ਪੀ.ਆਈ.ਵਲੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਬਾਰਡਰ ਕੇਡਰ ਦੇ ਸਬੰਧ ਵਿਚ ਆਗੂਆਂ ਨਾਲ ਗੱਲ ਕਰਦਿਆਂ ਡੀ.ਪੀ.ਆਈ. ਨੇ ਦੱਸਿਆ ਕਿ ਬਾਰਡਰ ਕੇਡਰ ਲਈ ਸਪੈਸ਼ਲ ਇੰਕਰੀਮੈਂਟ ਵਾਸਤੇ ਵਿਭਾਗ ਵਲੋਂ ਤਕਨੀਕੀ ਉਲਝਣਾਂ ਨੂੰ ਦੂਰ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਹ ਮਸਲਾ ਹੱਲ ਕਰ ਲਿਆ ਜਾਵੇਗਾ। ਜਥੇਬੰਦੀ ਵਲੋਂ ਅਧਿਆਪਕਾਂ ਤੋਂ ਗ਼ੈਰ-ਵਿੱਦਿਅਕ ਕੰਮ ਨਾ ਲੈਣ ਦੀ ਵੀ ਪੁਰਜ਼ੋਰ ਅਪੀਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਦਿਲਰਾਜ ਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਰਜਿੰਦਰ ਕੁਮਾਰ ਸਟੇਟ ਕਮੇਟੀ ਮੈਂਬਰ, ਰਣਜੀਤ ਸਿੰਘ ਸਟੇਟ ਕਮੇਟੀ ਮੈਂਬਰ, ਨਿਰਮਲ ਸਿੰਘ, ਸੰਦੀਪ ਪੁਰੀ, ਨਵਦੀਪ ਕੌਰ, ਰਮਨਦੀਪ ਕੌਰ ਆਦਿ ਅਧਿਆਪਕ ਸਾਥੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।