ਫ਼ਿਰੋਜ਼ਪੁਰ, 23 ਜੂਨ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੀ ਮੰਡਲ ਰਾਜ-ਭਾਸ਼ਾ ਲਾਗੂ ਕਰਨ ਕਮੇਟੀ ਦੀ ਇਕ ਮੀਟਿੰਗ ਮੰਡਲ ਰੇਲ ਪ੍ਰਬੰਧਕ (ਡੀ.ਆਰ.ਐੱਮ.) ਸੰਜੀਵ ਕੁਮਾਰ ਦੀ ਪ੍ਰਧਾਨਗੀ ’ਚ ਮੰਡਲ ਦਫ਼ਤਰ ਦੇ ਮੀਟਿੰਗ ਹਾਲ ਵਿਚ ਕੀਤੀ ਗਈ। ਇਸ ਮੀਟਿੰਗ ਵਿਚ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਬ੍ਰਾਂਚ ਅਫ਼ਸਰਾਂ ਅਤੇ ਸਾਰੇ ਮੁੱਖ ਦਫ਼ਤਰ ਸੁਪਰਡੈਂਟਾਂ ਨੇ ਹਿੱਸਾ ਲਿਆ। ਇਸ ਮੌਕੇ ਮੰਡਲ ਰੇਲ ਪ੍ਰਬੰਧਕ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਦੇ ਕੋਨੇ-ਕੋਨੇ ਨੂੰ ਆਪਸ ਵਿਚ ਜੋੜਦੀ ਹੈ, ਠੀਕ ਉਸੇ ਤਰ੍ਹਾਂ ਰਾਜ-ਭਾਸ਼ਾ ਹਿੰਦੀ ਪੂਰੇ ਦੇਸ਼ ਨੂੰ ਭਾਸ਼ਾਈ ਤੌਰ ’ਤੇ ਇਕ ਧਾਗੇ ਵਿਚ ਪਰੋਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਅਧਿਕਾਰੀ ਅਤੇ ਕਰਮਚਾਰੀ ਸਰਕਾਰੀ ਕੰਮਕਾਜ ਵਿਚ ਰਾਜ-ਭਾਸ਼ਾ ਦੇ ਸੰਵਿਧਾਨਕ ਨਿਯਮਾਂ ਦੀ ਪੂਰੀ ਨਿਸ਼ਠਾ ਨਾਲ ਪਾਲਨਾ ਕਰਨ ਅਤੇ ‘ਕ’ ਖੇਤਰ ਵਿਚ ਦੋ-ਭਾਸ਼ਾਈ (ਦੁਭਾਸ਼ੀ) ਅਤੇ ‘ਖ’ ’ਤੇ ‘ਗ’ ਖੇਤਰਾਂ ਵਿਚ ਤਿੰਨ-ਭਾਸ਼ਾਈ (ਤ੍ਰਿਭਾਸ਼ੀ) ਫ਼ਾਰਮੂਲੇ ਦੀ ਪਾਲਨਾ ਨੂੰ ਵੀ ਯਕੀਨੀ ਬਣਾਇਆ ਜਾਵੇ। ਵਧੀਕ ਮੰਡਲ ਰੇਲ ਪ੍ਰਬੰਧਕ ਅਤੇ ਵਧੀਕ ਮੁੱਖ ਰਾਜ-ਭਾਸ਼ਾ ਅਧਿਕਾਰੀ ਨਿਤਿਨ ਗਰਗ ਨੇ ਸਾਰੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਉਹ ਖ਼ੁਦ ਹਿੰਦੀ ਵਿਚ ਕੰਮ ਕਰਨ ਅਤੇ ਆਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਵੀ ਹਿੰਦੀ ਵਿਚ ਕੰਮ ਕਰਨ ਲਈ ਪ੍ਰੇਰਿਤ ਕਰਨ। ਸਾਰੇ ਦਫ਼ਤਰ ਮੁਖੀ ਆਪਣੇ ਵਿਭਾਗਾਂ ਅਤੇ ਦਫ਼ਤਰਾਂ ਵਿਚ ਹੋ ਰਹੇ ਹਿੰਦੀ ਦੇ ਕੰਮਾਂ ਦੀ ਸਮੇਂ-ਸਮੇਂ ’ਤੇ ਸਮੀਖਿਆ (ਪੜਚੋਲ) ਕਰਨ। ਸਹਾਇਕ ਮੰਡਲ ਸਮਗਰੀ ਪ੍ਰਬੰਧਕ ਅਤੇ ਰਾਜ-ਭਾਸ਼ਾ ਅਧਿਕਾਰੀ ਮਸਤਰਾਮ ਮੀਨਾ ਨੇ ਮੀਟਿੰਗ ਦੀ ਕਾਰਵਾਈ ਚਲਾਈ ਅਤੇ ਧੰਨਵਾਦ ਦੇ ਮਤੇ ਨਾਲ ਮੀਟਿੰਗ ਦੀ ਸਮਾਪਤੀ ਹੋਈ।