06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਗਰ ਕੌਂਸਲ ਚੋਣਾਂ ਦੌਰਾਨ ਜ਼ਿਲ੍ਹਾ ਪ੍ਰਧਾਨ ਦੀ ਬਣੀ ਦੂਰੀ ਨੇ ਛੇੜੀ ਨਵੀਂ ਸਿਆਸੀ ਚਰਚਾ

ਅਜੀਤ ਡੈਸਕ 27-06-2026
ਜਲਾਲਾਬਾਦ, 26 ਜੂਨ (ਕਰਨ ਚੁਚਰਾ)-ਨਗਰ ਕੌਂਸਲ ਚੋਣਾਂ ਦਾ ਬਿਗਲ ਵੱਜਦਿਆਂ ਹੀ ਜਲਾਲਾਬਾਦ ਹਲਕੇ ਅੰਦਰ ਸਿਆਸੀ ਸਰਗਰਮੀਆਂ ਸਿਖ਼ਰਾਂ ’ਤੇ ਪਹੁੰਚ ਚੁੱਕੀਆਂ ਹਨ। ਨਾਮਜ਼ਦਗੀਆਂ ਦੀ ਪ੍ਰਕਿਰਿਆ ਮੁਕੰਮਲ ਹੋਣ ਅਤੇ ਫਾਰਮ ਭਰੇ ਜਾਣ ਤੋਂ ਬਾਅਦ ਸਾਰੀਆਂ ਸਿਆਸੀ ਧਿਰਾਂ ਨੇ ਚੋਣ ਮੈਦਾਨ ਵਿਚ ਪੂਰੀ ਤਾਕਤ ਝੋਕ ਦਿੱਤੀ ਹੈ, ਪਰ ਇਸ ਸਭ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਲਈ ਜਲਾਲਾਬਾਦ ਹਲਕੇ ਤੋਂ ਇਕ ਚਿੰਤਾਜਨਕ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਪਾਰਟੀ ਦੀ ਅੰਦਰੂਨੀ ਖਿੱਚੋਤਾਣ ਅਤੇ ਫੁੱਟ ਹੁਣ ਪੂਰੀ ਤਰ੍ਹਾਂ ਜੱਗ ਜ਼ਾਹਿਰ ਹੋ ਚੁੱਕੀ ਹੈ। ਸੂਤਰਾਂ ਅਤੇ ਹਲਕੇ ਦੀਆਂ ਸਿਆਸੀ ਫ਼ਿਜ਼ਾਵਾਂ ਤੋਂ ਸਾਫ਼ ਸੰਕੇਤ ਮਿਲ ਰਹੇ ਹਨ ਕਿ ਜਲਾਲਾਬਾਦ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਵਿਚਾਲੇ ਚੱਲ ਕੁੱਝ ਹੱਛਾ ਨਹੀਂ ਹੈ। ਇਹੀ ਕਾਰਨ ਹੈ ਕਿ ਚੋਣ ਪ੍ਰਚਾਰ ਦੇ ਇਸ ਅਹਿਮ ਮੌਕੇ ’ਤੇ ਵੀ ਜ਼ਿਲ੍ਹਾ ਪ੍ਰਧਾਨ ਬੌਬੀ ਮਾਨ ਜਲਾਲਾਬਾਦ ਵਿਚ ਪਾਰਟੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਨਹੀਂ ਪਹੁੰਚ ਰਹੇ। ਜ਼ਿਲ੍ਹਾ ਪ੍ਰਧਾਨ ਵਰਗੇ ਅਹਿਮ ਅਹੁਦੇਦਾਰ ਦੀ ਹਲਕੇ ਵਿਚੋਂ ਇਹ ਗੈਰ-ਹਾਜ਼ਰੀ ਸਥਾਨਕ ਲੋਕਾਂ ਅਤੇ ਵਰਕਰਾਂ ਦੇ ਗਲੇ ਨਹੀਂ ਉਤਰ ਰਹੀ। ਜਿਸ ਦੀ ਖੁੰਢ ਚਰਚਾ ਪਿੰਡਾਂ ਅਤੇ ਸ਼ਹਿਰ ਦੇ ਚੌਕਾਂ-ਚੌਰਾਹਿਆਂ ਵਿਚ ਜ਼ੋਰਾਂ ’ਤੇ ਹੈ। ਜੇਕਰ ਇਸ ਪੂਰੇ ਘਟਨਾਕ੍ਰਮ ਵਿਚ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਦੇ ਪੱਖ ਨੂੰ ਗੰਭੀਰਤਾ ਨਾਲ ਦੇਖਿਆ ਜਾਵੇ, ਤਾਂ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬੌਬੀ ਮਾਨ ਦਾ ਇਹ ਕਦਮ ਬਿਨਾਂ ਕਿਸੇ ਠੋਸ ਵਜ੍ਹਾ ਦੇ ਨਹੀਂ ਹੈ। ਹੁਣ ਤੱਕ ਹੋਈਆਂ ਨਗਰ ਕੌਂਸਲ ਚੋਣਾਂ ਅਤੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਉਨ੍ਹਾਂ ਜ਼ਿਲ੍ਹੇ ਅੰਦਰ ਬਾਖ਼ੂਬੀ ਆਪਣਾ ਰੋਲ ਅਦਾ ਕੀਤਾ ਹੈ ਅਤੇ ਅਕਾਲੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਹੈ। ਬੀਤੇ ਦਿਨੀਂ ਉਹ ਕਹਿੰਦੇ ਸੁਣੇ ਗਏ ਸਨ ਕਿ ਪਾਰਟੀ ਦੇ ਹਰੇਕ ਵਰਕਰ ਅਤੇ ਉਮੀਦਵਾਰ ਦੇ ਹੱਕ ਵਿਚ ਉਹ ਜ਼ਿਲ੍ਹਾ ਜਥੇਦਾਰ ਹੋਣ ਦੇ ਨਾਤੇ ਖੜ੍ਹਨਗੇ ਅਤੇ ਉਨ੍ਹਾਂ ਦੀ ਲੜਾਈ ਨੂੰ ਆਪ ਮੂਹਰੇ ਲੱਗ ਕੇ ਪੂਰੀ ਕਰਨਗੇ। ਦੱਸਣਾ ਬਣਦਾ ਹੈ ਕਿ ਬੌਬੀ ਮਾਨ ਹਮੇਸ਼ਾ ਟਕਸਾਲੀ ਅਕਾਲੀ ਵਰਕਰਾਂ ਦੀ ਆਵਾਜ਼ ਬਣ ਕੇ ਉੱਭਰੇ ਹਨ। ਚਰਚਾ ਹੈ ਕਿ ਬੌਬੀ ਮਾਨ ਹਲਕੇ ਅੰਦਰ ਕੁਝ ਅਜਿਹੇ ਫ਼ੈਸਲਿਆਂ ਤੋਂ ਖ਼ਫ਼ਾ ਹਨ ਜੋ ਪਾਰਟੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਦੋ ਪ੍ਰਮੁੱਖ ਆਗੂਆਂ ਵਿਚਾਲੇ ਚੱਲ ਰਹੇ ਸ਼ਿਕਵੇ ਆਉਣ ਵਾਲੇ ਦਿਨਾਂ ਵਿਚ ਪਾਰਟੀ ਲਈ ਸ਼ੁਭ ਸੰਕੇਤ ਨਹੀਂ ਹਨ। ਜਲਾਲਾਬਾਦ ਹਲਕੇ ਨੂੰ ਅਕਾਲੀ ਦਲ ਦਾ ਗੜ੍ਹ ਮੰਨਿਆ ਗਿਆ ਹੈ। ਇਸ ਤੋਂ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਹਲਕੇ ਦੀ ਤਰਜਮਾਨੀ ਕਰਦੇ ਰਹੇ ਹਨ, ਉਸ ਲਿਹਾਜ਼ ਤੋਂ ਵੀ ਇਸ ਹਲਕੇ ਨੂੰ ਅਹਿਮ ਹਲਕਾ ਮੰਨਿਆ ਜਾ ਰਿਹਾ ਹੈ। ਜਲਾਲਾਬਾਦ ਦੀ ਸਿਆਸਤ ਵਿਚ ਇਸ ਵੇਲੇ ਇਹ ਗੱਲ ਫੁੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਜੇਕਰ ਹਾਈਕਮਾਂਡ ਨੇ ਸਮਾਂ ਰਹਿੰਦੇ ਮੰਟਾ ਅਤੇ ਬੌਬੀ ਮਾਨ ਵਿਚਾਲੇ ਇਸ ਖਟਾਸ ਨੂੰ ਦੂਰ ਨਾ ਕੀਤਾ, ਤਾਂ ਵਿਰੋਧੀ ਧਿਰਾਂ ਇਸ ਫੁੱਟ ਦਾ ਪੂਰਾ ਫ਼ਾਇਦਾ ਉਠਾ ਕੇ ਅਕਾਲੀ ਦਲ ਦੇ ਗੜ੍ਹ ਨੂੰ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਸਕਦੀਆਂ ਹਨ।
ਪਿਛਲੀ ਖ਼ਬਰ ਨਸ਼ਾ ਕਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜਲਾਲਾਬਾਦ ਨਗਰ ਕੌਂਸਲ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।