15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅਬੋਹਰ ਦੇ ਰਾਜੀਵ ਨਗਰ ’ਚ ਸੀਵਰੇਜ ਸਮੱਸਿਆ ਨੂੰ ਲੈ ਕੇ ਕਾਂਗਰਸੀ ਆਗੂ ਸੁਧੀਰ ਭਾਦੂ ਵਲੋਂ ਦੌਰਾ

ਅਜੀਤ ਡੈਸਕ 16-07-2026
ਅਬੋਹਰ, 15 ਜੁਲਾਈ (ਤੇਜਿੰਦਰ ਸਿੰਘ ਖ਼ਾਲਸਾ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਾਜ਼ਿਲਕਾ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੁਧੀਰ ਭਾਦੂ ਨੇ ਅਬੋਹਰ ਦੇ ਰਾਜੀਵ ਨਗਰ ਇਲਾਕੇ ਦਾ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਲੋਕਾਂ ਨੇ ਉਨ੍ਹਾਂ ਨੂੰ ਗਲੀਆਂ ਵਿਚ ਲੰਬੇ ਸਮੇਂ ਤੋਂ ਖੜੇ ਸੀਵਰੇਜ ਦੇ ਗੰਦੇ ਪਾਣੀ, ਨਾਲੀਆਂ ਦੀ ਸਫ਼ਾਈ ਨਾ ਹੋਣ ਅਤੇ ਸਫ਼ਾਈ ਪ੍ਰਬੰਧਾਂ ਦੀ ਖ਼ਰਾਬ ਹਾਲਤ ਬਾਰੇ ਜਾਣੂ ਕਰਵਾਇਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਗੰਦੇ ਪਾਣੀ ਅਤੇ ਬਦਬੂ ਕਾਰਨ ਰੋਜ਼ਾਨਾ ਦੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ। ਸੁਧੀਰ ਭਾਦੂ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਰਾਜੀਵ ਨਗਰ ਤੱਕ ਸੀਮਤ ਨਹੀਂ, ਸਗੋਂ ਆਰਿਆ ਨਗਰੀ, ਧਰਮ ਨਗਰੀ ਸਮੇਤ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿਚ ਵੀ ਸੀਵਰੇਜ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਨਗਰ ਨਿਗਮ ਵਿਚ ਮੇਅਰ ਅਹੁਦੇ ਨੂੰ ਲੈ ਕੇ ਸਿਆਸੀ ਖਿੱਚੋਤਾਣ ਵਿਚ ਰੁੱਝੀਆਂ ਹੋਈਆਂ ਹਨ ਜਦ ਕਿ ਆਮ ਲੋਕ ਬੁਨਿਆਦੀ ਸਹੂਲਤਾਂ ਦੀ ਘਾਟ ਨਾਲ ਜੂਝ ਰਹੇ ਹਨ। ਭਾਦੂ ਨੇ ਕਿਹਾ ਕਿ ਕਾਂਗਰਸ ਪਾਰਟੀ ਸੀਵਰੇਜ ਅਤੇ ਸਫ਼ਾਈ ਦੀ ਸਮੱਸਿਆ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀ ਆਵਾਜ਼ ਬਣ ਕੇ ਇਸ ਮਾਮਲੇ ਨੂੰ ਪ੍ਰਸ਼ਾਸਨ ਅਤੇ ਸਬੰਧਿਤ ਅਧਿਕਾਰੀਆਂ ਕੋਲ ਜ਼ੋਰਦਾਰ ਢੰਗ ਨਾਲ ਉਠਾਏਗੀ ਅਤੇ ਜਲਦੀ ਹੱਲ ਲਈ ਯਤਨ ਕਰੇਗੀ। ਇਸ ਮੌਕੇ ਕਾਂਗਰਸੀ ਆਗੂ ਸਰਵਣ ਜਾਖੜ, ਅਸ਼ੋਕ ਸੋਨੀ, ਸੋਨੂੰ ਸੰਧੂ, ਟੀਨੂ ਮਲੇਠੀਆ, ਰਾਹੁਲ ਕੁਮਾਰ, ਸਿਮਰਨ, ਦੀਪਕ ਕੁਮਾਰ, ਸੋਨੂੰ ਥਾਲੌੜ, ਸ਼ਿਵ ਕੁਮਾਰ, ਪ੍ਰਦੀਪ ਕੁਮਾਰ ਅਤੇ ਰੇਣੂ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਮਾਜ ਸੇਵੀ ਮਨਜੀਤ ਸੁਆਮੀ ਵਲੋਂ ਦੇਸ਼ ਦੇ ਕਾਨੂੰਨ ਮੰਤਰੀ ਨਾਲ ਮੁਲਾਕਾਤ ਅਗਲੀ ਖ਼ਬਰ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਦਸਤ ਬਾਰੇ ਦਿੱਤੀ ਜਾਣਕਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।