02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

–ਮਾਮਲਾ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਮੁਕੱਦਮਿਆਂ ਦਾ– ਕਿਸਾਨ ਜਥੇਬੰਦੀਆਂ ਵਲੋਂ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ

ਅਜੀਤ ਡੈਸਕ 30-07-2026
ਫ਼ਾਜ਼ਿਲਕਾ, 29 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੀ ਸਬ ਤਹਿਸੀਲ ਖੂਈਆਂ ਸਰਵਰ ਦੇ ਨਾਇਬ ਤਹਿਸੀਲਦਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਵਿਚਕਾਰ ਪੈਦਾ ਹੋਏ ਵਿਵਾਦ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਹੋਰਨਾਂ ਕਿਸਾਨ ਜਥੇਬੰਦੀਆਂ ਵਲੋਂ ਕਿਸਾਨਾਂ ਖ਼ਿਲਾਫ਼ ਦਰਜੇ ਮੁਕੱਦਮੇ ਨੂੰ ਲੈ ਕੇ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਆਗੂ ਤਾਂ ਰੋਜ਼ਾਨਾ ਹੀ ਕਿਸਾਨੀ ਦੇ ਮਸਲੇ ਲੈ ਕੇ ਸਰਕਾਰੀ ਦਫ਼ਤਰਾਂ ਵਿਚ ਜਾਂਦੇ ਹਨ, ਫਿਰ ਇਸ ਤਰ੍ਹਾਂ ਤਾਂ ਪੰਜਾਬ ਦੇ ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂਆਂ ’ਤੇ ਪਰਚੇ ਦਰਜ ਕਰ ਦਿਓ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਹਿਲਾਂ ਸਿੰਚਾਈ ਵਿਭਾਗ ਵਲੋਂ ਕਿਸਾਨ ’ਤੇ ਪਰਚਾ ਹੋਇਆ ਸੀ ਅਤੇ ਹੁਣ ਇਕ ਨਾਇਬ ਤਹਿਸੀਲਦਾਰ ਵਲੋਂ ਕਰਵਾਇਆ ਗਿਆ ਹੈ। ਉਨ੍ਹਾਂ ਭਾਰਤ-ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਲੈ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਮਰੀਕਾ ਦੀ ਡੋਨਾਲਡ ਟਰੰਪ ਸਰਕਾਰ ਦੇ ਅੱਗੇ ਗੋਢੇ ਟੇਕ ਦਿੱਤੇ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ਦੇ ਵਤੀਰੇ ’ਤੇ ਵੀ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਿਆਸੀ ਪਾਰਟੀਆਂ ਇਕ ਦੂਸਰੇ ’ਤੇ ਦੁਸ਼ਣਬਾਜੀ ਲਗਾਉਣ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਸੂਬੇ ਨੂੰ ਅੱਗੇ ਲਿਜਾਉਣ ਲਈ
ਕੋਈ ਠੋਸ ਨੀਤੀ ਨਹੀਂ ਹੈ, ਸਿਰਫ਼ ਸੱਤਾ ਦੀਆਂ ਸਿਆਸੀ ਰੋਟੀਆਂ ਸੇਕਣ ਲਈ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ।ਇਸ ਤੋ ਬਾਅਦ ਬਲਵੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਿਸਾਨਾਂ ਦਾ ਵਫ਼ਦ ਡੀ.ਸੀ. ਫ਼ਾਜ਼ਿਲਕਾ ਨੂੰ ਮਿਲਿਆ, ਜਿਨ੍ਹਾਂ ਨੇ ਪਰਚੇ ਨੂੰ ਰੱਦ ਕਰਵਾਉਣ ਦਾ ਵਿਸ਼ਵਾਸ ਦਿਵਾਇਆ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਪ੍ਰਗਟ ਸਿੰਘ ਨਪਾਲਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਮਨਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਹਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਮਨੋਜ ਗੋਦਾਰਾ, ਰਮੇਸ਼ ਵਢੇਰਾ ਜਮਹੂਰੀ ਕਿਸਾਨ ਸਭਾ, ਮਨੋਜ ਗੋਦਾਰਾ ਆਜ਼ਾਦ ਕਿਸਾਨ ਮੋਰਚਾ, ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਉਗਰਾਹਾਂ, ਪ੍ਰਹਿਲਾਦ ਸਿੰਘ ਜ਼ਿਲ੍ਹਾ ਪ੍ਰਧਾਨ ਲੱਖੋਵਾਲ, ਸੁਭਾਸ਼ ਗੋਦਾਰਾ, ਹਰੀਸ਼ ਨੱਢਾ, ਅਤਰ ਸਿੰਘ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੁਖਮੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਰਾਜੇਵਾਲ, ਦਰਸ਼ਨ ਸਿੰਘ, ਸੁਖਜਿੰਦਰ ਸਿੰਘ ਰਾਜਨ ਅਬੋਹਰ, ਹਰਪਿੰਦਰ ਸਿੰਘ ਕਿੱਕਰ ਖੇੜਾ ਆਦਿ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਦਿੱਲੀ ਦਾ ਅੰਤਰਰਾਜੀ ਹਥਿਆਰ ਤਸਕਰ 5 ਨਾਜਾਇਜ਼ ਪਿਸਤੌਲ ਅਤੇ 6 ਮੈਗਜ਼ੀਨ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਬਰਸਾਤ ਵਿਚ ਚਮੜੀ ਦੇ ਬਚਾਅ ਲਈ ਘਰੇਲੂ ਉਪਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।