04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਰਨਾਲਾ ਲਾਠੀਚਾਰਜ ਕਾਂਡ ਨੂੰ ਲੈ ਕੇ ਫ਼ਾਜ਼ਿਲਕਾ ਸ਼ਹਿਰ ਪੂਰੀ ਤਰ੍ਹਾਂ ਰਿਹਾ ਬੰਦ

ਅਜੀਤ ਡੈਸਕ 31-07-2026
ਫ਼ਾਜ਼ਿਲਕਾ, 30 ਜੁਲਾਈ (ਦਵਿੰਦਰ ਪਾਲ ਸਿੰਘ)-ਬਰਨਾਲਾ ਵਿਖੇ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਸਫ਼ਾਈ ਸੇਵਕਾਂ ਉੱਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਵਾਲਮੀਕਿ ਸਮਾਜ ਅਤੇ ਵੱਖ-ਵੱਖ ਭਾਈਚਾਰਕ ਜਥੇਬੰਦੀਆਂ ਵਲੋਂ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਦਾ ਫ਼ਾਜ਼ਿਲਕਾ ਸ਼ਹਿਰ ਵਿਚ ਪੂਰਾ ਅਸਰ ਦੇਖਣ ਨੂੰ ਮਿਲਿਆ। ਘਟਨਾ ਦੇ ਰੋਸ ਵਜੋਂ ਵੱਖ-ਵੱਖ ਜਥੇਬੰਦੀਆਂ ਨੇ ਸ਼ਹਿਰ ਵਿਚ ਇਕੱਠਿਆਂ ਹੋ ਕੇ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਰਨਾਲਾ ਵਿਖੇ ਔਰਤਾਂ ’ਤੇ ਲਾਠੀਚਾਰਜ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਵਾਲਮੀਕਿ ਸਮਾਜ ਦੇ ਆਗੂ ਪ੍ਰਧਾਨ ਫ਼ਤਿਹ ਚੰਦ ਬੋਹਥ, ਅਸ਼ੋਕ ਨਾਗਵੰਸ਼ੀ, ਲਵਲੀ ਵਾਲਮੀਕਿ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਾਲਮੀਕਿ ਸਮਾਜ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਸੀ ਤਾਂ ਬਰਨਾਲਾ ਵਿਖੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਬੌਖਲਾਹਟ ’ਚ ਆ ਕੇ ਔਰਤਾਂ ਉੱਪਰ ਅੰਨ੍ਹਾ ਤਸ਼ੱਦਦ ਕੀਤਾ। ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਮੰਗ ਕੀਤੀ ਕਿ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਜਲਦੀ ਲਿਆਂਦੀ ਜਾਵੇ। ਇਸ ਰੋਸ ਪ੍ਰਦਰਸ਼ਨ ਵਿਚ ਭਾਰੀ ਗਿਣਤੀ ਅੰਦਰ ਔਰਤਾਂ ਵੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਸਨ। ਇਹ ਰੋਸ ਮਾਰਚ ਗਊਸ਼ਾਲਾ ਰੋਡ ਤੋਂ ਸ਼ੁਰੂ ਹੁੰਦਾ ਹੋਇਆ ਸਾਈਕਲ ਬਾਜ਼ਾਰ, ਸ਼ਾਸਤਰੀ ਚੌਂਕ, ਸਰਾਫ਼ਾ ਬਾਜ਼ਾਰ, ਚੌਂਕ ਘੰਟਾਘਰ ਵਿਖੇ ਪੁੱਜਿਆ। ਜਿੱਥੇ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਨਾਅਰੇਬਾਜ਼ੀ ਕੀਤੀ ਗਈ। ਇਹ ਰੋਸ ਮਾਰਚ ਬਜਾਜੀ ਬਾਜ਼ਾਰ, ਪੁਰਾਣਾ ਅਬੋਹਰੀ ਰੋਡ, ਗਾਂਧੀ ਚੌਂਕ ਆਦਿ ਬਾਜ਼ਾਰਾਂ ਤੋਂ ਹੁੰਦਾ ਹੋਇਆ ਵਾਲਮੀਕਿ ਮੰਦਰ ਵਿਖੇ ਪੁੱਜਿਆ। ਪੁਲਿਸ ਨੇ ਵੀ ਅਮਨ ਕਾਨੂੰਨ ਦੀ ਰਾਖੀ ਲਈ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।
ਪਿਛਲੀ ਖ਼ਬਰ ਘੁਬਾਇਆ ਦੇ ਬਿਆਨ ਖ਼ਿਲਾਫ਼ ਫ਼ਾਜ਼ਿਲਕਾ ’ਚ ਕਾਂਗਰਸੀਆਂ ਨੇ ਪੁਤਲਾ ਫ਼ੂਕ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਵਿਵੇਕ ਸਕੂਲ ਬਰਗਾੜੀ ਵਿਖੇ ਗੁਰੂ ਪੂਰਨਿਮਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।