ਫ਼ਾਜ਼ਿਲਕਾ, 30 ਜੁਲਾਈ (ਦਵਿੰਦਰ ਪਾਲ ਸਿੰਘ)-ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ‘ਸੇਫ਼ ਸਕੂਲ ਵਾਹਨ ਪਾਲਿਸੀ’ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਸੇਫ਼ ਸਕੂਲ ਵਾਹਨ ਟੀਮ ਵਲੋਂ ਜਲਾਲਾਬਾਦ ਵਿਖੇ ਚੈਕਿੰਗ ਅਭਿਆਨ ਚਲਾਇਆ ਗਿਆ। ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 8 ਸਕੂਲੀ ਵੈਨਾਂ ਦੇ ਚਲਾਨ ਕੱਟੇ ਗਏ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਿਤੂ ਬਾਲਾ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਸਕੂਲ ਬੱਸਾਂ ਵਿਚ ਸੀ.ਸੀ.ਟੀ.ਵੀ. ਕੈਮਰੇ, ਸਪੀਡ ਗਵਰਨਰ, ਫ਼ਸਟ ਏਡ ਬਾਕਸ, ਐਮਰਜੈਂਸੀ ਖਿੜਕੀਆਂ, ਗ੍ਰਿਲਾਂ ਅਤੇ ਤਜਰਬੇਕਾਰ ਡਰਾਈਵਰ ਵਰਗੇ ਨਿਯਮਾਂ ਦੀ ਪਾਲਨਾ ਕਰਨੀ ਲਾਜ਼ਮੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਯਮਾਂ ਦੀ ਅਣਗਹਿਲੀ ਕਰਨ ਵਾਲਿਆਂ ਖ਼ਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਚੈਕਿੰਗ ਟੀਮ ਵਿਚ ਬਾਲ ਸੁਰੱਖਿਆ ਅਫ਼ਸਰ ਕੌਸ਼ਲ, ਸੋਸ਼ਲ ਵਰਕਰ ਨਿਸ਼ਾਨ ਸਿੰਘ, ਟਰੈਫ਼ਿਕ ਪੁਲਿਸ ਇੰਚਾਰਜ ਏ.ਐੱਸ.ਆਈ. ਚੰਨ ਲਾਲ, ਬਲਵੰਤ ਸਿੰਘ ਅਤੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਸ਼ਾਮਲ ਸਨ।