ਆਜ਼ਾਦੀ ਦਿਹਾੜੇ ਮੌਕੇ ਜਾਖੜ ਟਰੱਸਟ ਅਬੋਹਰ ਮੈਰਾਥਨ ਟੀਮ ਵਲੋਂ ਸ਼ਾਨਦਾਰ ਤਿਰੰਗਾ ਰਨ
ਅਬੋਹਰ, 16 ਅਗਸਤ (ਵਿਵੇਕ ਹੂੜੀਆ)- ਆਜ਼ਾਦੀ ਦਿਹਾੜੇ ਮੌਕੇ ਜਾਖੜ ਟਰੱਸਟ ਅਬੋਹਰ ਮੈਰਾਥਨ ਟੀਮ ਵਲੋਂ ਦੇਸ਼ ਭਗਤੀ, ਕੌਮੀ ਏਕਤਾ ਅਤੇ ਤੰਦਰੁਸਤੀ ਦਾ ਸੰਦੇਸ਼ ਦਿੰਦਿਆਂ 5 ਕਿੱਲੋਮੀਟਰ ਤਿਰੰਗਾ ਰਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਹੱਥਾਂ ਵਿਚ ਤਿਰੰਗਾ ਲੈ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ, ਖਿਡਾਰੀਆਂ, ਰਨਰਾਂ ਅਤੇ ਸ਼ਹਿਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਦੌੜ ਵਿਚ ਭਾਗ ਲਿਆ।
ਅਬੋਹਰ, 16 ਅਗਸਤ (ਵਿਵੇਕ ਹੂੜੀਆ)- ਆਜ਼ਾਦੀ ਦਿਹਾੜੇ ਮੌਕੇ ਜਾਖੜ ਟਰੱਸਟ ਅਬੋਹਰ ਮੈਰਾਥਨ ਟੀਮ ਵਲੋਂ ਦੇਸ਼ ਭਗਤੀ, ਕੌਮੀ ਏਕਤਾ ਅਤੇ ਤੰਦਰੁਸਤੀ ਦਾ ਸੰਦੇਸ਼ ਦਿੰਦਿਆਂ 5 ਕਿੱਲੋਮੀਟਰ ਤਿਰੰਗਾ ਰਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਹੱਥਾਂ ਵਿਚ ਤਿਰੰਗਾ ਲੈ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ, ਖਿਡਾਰੀਆਂ, ਰਨਰਾਂ ਅਤੇ ਸ਼ਹਿਰ ਵਾਸੀਆਂ ਨੇ ਪੂਰੇ ਉਤਸ਼ਾਹ ਨਾਲ ਇਸ ਦੌੜ ਵਿਚ ਭਾਗ ਲਿਆ। ਇਸ ਮੌਕੇ ਵਿਧਾਇਕ ਸੰਦੀਪ ਜਾਖੜ ਅਤੇ ਨਗਰ ਨਿਗਮ ਅਬੋਹਰ ਦੀ ਮੇਅਰ ਸ੍ਰੀਮਤੀ ਪੂਜਾ ਵਧਵਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਖ਼ਾਸ ਗੱਲ ਇਹ ਰਹੀ ਕਿ ਵਿਧਾਇਕ ਸੰਦੀਪ ਜਾਖੜ ਸਿਰਫ਼ ਸਮਾਗਮ ਵਿਚ ਸ਼ਾਮਲ ਹੀ ਨਹੀਂ ਹੋਏ, ਸਗੋਂ ਉਨ੍ਹਾਂ ਨੇ ਪ੍ਰਤੀਭਾਗੀਆਂ ਨਾਲ ਖ਼ੁਦ ਪੂਰੀ 5 ਕਿੱਲੋਮੀਟਰ ਤਿਰੰਗਾ ਰਨ ਵਿਚ ਦੌੜ ਲਗਾ ਕੇ ਨੌਜਵਾਨਾਂ ਦਾ ਹੌਸਲਾ ਵਧਾਇਆ। ਉਨ੍ਹਾਂ ਦੇ ਨਾਲ ਦੌੜਦਿਆਂ ਪ੍ਰਤੀਭਾਗੀਆਂ ਵਿਚ ਵੀ ਖ਼ਾਸਾ ਜੋਸ਼ ਦੇਖਣ ਨੂੰ ਮਿਲਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਸੰਦੀਪ ਜਾਖੜ ਨੇ ਕਿਹਾ ਕਿ ਆਜ਼ਾਦੀ ਦਿਹਾੜਾ ਸਿਰਫ਼ ਇੱਕ ਕੌਮੀ ਤਿਉਹਾਰ ਨਹੀਂ, ਸਗੋਂ ਉਨ੍ਹਾਂ ਮਹਾਨ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦ ਭਾਰਤ ਵਿਚ ਸਾਹ ਲੈ ਰਹੇ ਹਾਂ। ਤਿਰੰਗਾ ਸਾਡੇ ਦੇਸ਼ ਦੀ ਆਨ, ਬਾਣ ਅਤੇ ਸ਼ਾਨ ਦਾ ਪ੍ਰਤੀਕ ਹੈ। ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਨਾਲ 5 ਕਿੱਲੋਮੀਟਰ ਤਿਰੰਗਾ ਰਨ ਵਿਚ ਦੌੜਨਾ ਉਨ੍ਹਾਂ ਲਈ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਨੌਜਵਾਨਾਂ ਵਿਚ ਦੇਸ਼ ਭਗਤੀ ਦੇ ਨਾਲ-ਨਾਲ ਅਨੁਸ਼ਾਸਨ, ਖੇਡਾਂ, ਫਿਟਨੈੱਸ ਅਤੇ ਸਿਹਤਮੰਦ ਜੀਵਨ ਸ਼ੈਲੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਅਬੋਹਰ ਦੇ ਨੌਜਵਾਨਾਂ ਵਿਚ ਖੇਡਾਂ ਅਤੇ ਫਿਟਨੈੱਸ ਪ੍ਰਤੀ ਕਾਫ਼ੀ ਉਤਸ਼ਾਹ ਹੈ ਅਤੇ ਇਸ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਲਈ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਵਿਧਾਇਕ ਜਾਖੜ ਨੇ ਤਿਰੰਗਾ ਰਨ ਨੂੰ ਸਫਲ ਬਣਾਉਣ ਲਈ ਟੀਮ ਐੱਸ.ਜੇ. ਦੇ ਮੈਂਬਰ ਵਿਕਾਸ ਸਿੰਗਲਾ, ਜਾਖੜ ਟਰੱਸਟ, ਅਬੋਹਰ ਮੈਰਾਥਨ ਟੀਮ ਸਮੇਤ ਸਮੂਹ ਪ੍ਰਬੰਧਕਾਂ ਅਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ। ਆਯੋਜਕਾਂ ਨੇ ਦੱਸਿਆ ਕਿ ਤਿਰੰਗਾ ਰਨ ਦਾ ਮੁੱਖ ਮਕਸਦ ਆਜ਼ਾਦੀ ਦਿਹਾੜੇ ਦੀ ਭਾਵਨਾ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਅਤੇ ਫਿਟਨੈੱਸ ਪ੍ਰਤੀ ਜਾਗਰੂਕ ਕਰਨਾ ਸੀ। ਉਨ੍ਹਾਂ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲੇ ਸਾਰੇ ਸਪੋਰਟਸ ਕਲੱਬਾਂ, ਰਨਿੰਗ ਕਲੱਬਾਂ ਅਤੇ ਜਿੰਮ ਕਲੱਬਾਂ ਦੇ ਸਾਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਪ੍ਰਤੀਭਾਗੀਆਂ ਨੇ ਹੱਥਾਂ ਵਿਚ ਤਿਰੰਗਾ ਲੈ ਕੇ ਦੌੜਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਇਸ ਮੌਕੇ ਬੱਬੂ ਓਸ਼ੋ, ਦੀਪਕ ਬਾਂਸਲ, ਕੋਚ ਸੁਭਾਸ਼ ਬਾਵਾ, ਕੋਚ ਰਾਧੇ ਅਰਮਾਨ, ਹਰਦੇਵ ਸਿੰਘ, ਜਤਿਨ ਸੋਨੀ, ਹਰਜੀਤ ਹਜ਼ਾਰਾ, ਵਰਿੰਦਰ ਤਨੇਜਾ, ਇੰਦਰ ਸ਼ਰਮਾ, ਮਨੀਸ਼ ਵਧਵਾ ਅਤੇ ਲਵਲੀਨ ਸ਼ਰਮਾ, ਕਰਨ ਬਲਾਣਾ ਆਪਣੀ ਟੀਮ ਸਮੇਤ ਹਾਜ਼ਰ ਸਨ। ਸਮਾਗਮ ਨੂੰ ਸਫਲ ਬਣਾਉਣ ਵਿਚ ਟੀਮ ਐੱਸ.ਜੇ., ਟੀਮ ਐੱਸ.ਜੇ. ਸ਼ਕਤੀ ਅਤੇ ਮੀਡੀਆ ਵਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਸ਼ਾਨਦਾਰ ਤਿਰੰਗਾ ਰਨ ਨੇ ਅਬੋਹਰ ਵਿਚ ਆਜ਼ਾਦੀ ਦਿਹਾੜੇ ਦੇ ਜਜ਼ਬੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।