ਫ਼ਾਜ਼ਿਲਕਾ ਦੇ ਪਿੰਡ ਬੇਗਾਂਵਾਲੀ ਦਾ ਸਰਪੰਚ ਮੁਅੱਤਲ
ਸਰਪੰਚ ਨੇ ਕਾਰਵਾਈ ਨੂੰ ਦੱਸਿਆ ਸਿਆਸੀ ਸਾਜਿਸ਼
ਫ਼ਾਜ਼ਿਲਕਾ, 17 ਅਗਸਤ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੇਗਾਂਵਾਲੀ ਦੇ ਸਰਪੰਚ ਸੁਰਿੰਦਰ ਕੁਮਾਰ ਨੂੰ ਡਾਇਰੈਕਟੋਰੇਟ ਪੇਂਡੂ ਅਤੇ ਪੰਚਾਇਤ ਵਿਭਾਗ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਇਹ ਕਾਰਵਾਈ ਪੰਚਾਇਤ ਦੀਆਂ ਮੀਟਿੰਗਾਂ ’ਚ ਗ਼ੈਰਹਾਜ਼ਰ ਰਹਿਣ, ਪੰਚਾਇਤ ਦਾ ਲੋੜੀਂਦਾ ਰਿਕਾਰਡ ਪੇਸ਼ ਨਾ ਕਰਨ, ਵਿਭਾਗ ਨੂੰ ਗੁਮਰਾਹ ਕਰਨ ਅਤੇ ਸ਼ਾਮਲਾਟ ਜ਼ਮੀਨ ਦੀ ਬੋਲੀ ’ਚ ਦੇਰੀ ਕਾਰਨ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀ ਗਈ ਹੈ।
ਸ
ਸਰਪੰਚ ਸੁਰਿੰਦਰ ਕੁਮਾਰ ਦੀ ਫਾਈਲ ਫੋਟੋ।
18-08-2026
ਫ਼ਾਜ਼ਿਲਕਾ, 17 ਅਗਸਤ(ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਬੇਗਾਂਵਾਲੀ ਦੇ ਸਰਪੰਚ ਸੁਰਿੰਦਰ ਕੁਮਾਰ ਨੂੰ ਡਾਇਰੈਕਟੋਰੇਟ ਪੇਂਡੂ ਅਤੇ ਪੰਚਾਇਤ ਵਿਭਾਗ ਵਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਵਿਭਾਗ ਵਲੋਂ ਇਹ ਕਾਰਵਾਈ ਪੰਚਾਇਤ ਦੀਆਂ ਮੀਟਿੰਗਾਂ ’ਚ ਗ਼ੈਰਹਾਜ਼ਰ ਰਹਿਣ, ਪੰਚਾਇਤ ਦਾ ਲੋੜੀਂਦਾ ਰਿਕਾਰਡ ਪੇਸ਼ ਨਾ ਕਰਨ, ਵਿਭਾਗ ਨੂੰ ਗੁਮਰਾਹ ਕਰਨ ਅਤੇ ਸ਼ਾਮਲਾਟ ਜ਼ਮੀਨ ਦੀ ਬੋਲੀ ’ਚ ਦੇਰੀ ਕਾਰਨ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦੇ ਆਧਾਰ ’ਤੇ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫ਼ਾਜ਼ਿਲਕਾ ਵਲੋਂ ਆਪਣੀ ਰਿਪੋਰਟ ਰਾਹੀਂ ਸਰਪੰਚ ਸੁਰਿੰਦਰ ਕੁਮਾਰ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਸ਼ ਪੇਂਡੂ ਅਤੇ ਪੰਚਾਇਤ ਵਿਭਾਗ ਨੂੰ ਭੇਜੀ ਗਈ ਸੀ। ਰਿਪੋਰਟ ਵਿਚ ਦੋਸ਼ ਲਗਾਇਆ ਗਿਆ ਕਿ ਸਰਪੰਚ ਵਿਭਾਗੀ ਮੀਟਿੰਗਾਂ ਵਿਚ ਹਾਜ਼ਰ ਨਹੀਂ ਹੋਏ ਅਤੇ ਲੋੜੀਂਦਾ ਰਿਕਾਰਡ ਵੀ ਉਪਲਬਧ ਨਹੀਂ ਕਰਵਾਇਆ ਗਿਆ। ਇਸ ਤੋਂ ਇਲਾਵਾ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਦੀ ਬੋਲੀ ਪ੍ਰਕਿਰਿਆ ਵਿਚ ਦੇਰੀ ਹੋਣ ਕਾਰਨ ਪੰਚਾਇਤ ਨੂੰ ਆਰਥਿਕ ਨੁਕਸਾਨ ਹੋਣ ਦੀ ਗੱਲ ਵੀ ਕਹੀ ਗਈ। ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਪੰਜਾਬ ਪੰਚਾਇਤ ਰਾਜ ਐਕਟ-1994 ਦੀ ਧਾਰਾ 20 ਤਹਿਤ ਸਰਪੰਚ ਨੂੰ ਮੁਅੱਤਲ ਕਰਨ ਦੀ ਕਾਰਵਾਈ ਕੀਤੀ ਗਈ ਹੈ। ਦੂਜੇ ਪਾਸੇ ਸਰਪੰਚ ਸੁਰਿੰਦਰ ਕੁਮਾਰ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਕਾਰਵਾਈ ਨੂੰ ਸਿਆਸੀ ਸਾਜਿਸ਼ ਅਤੇ ਧੱਕੇਸ਼ਾਹੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪੰਜਵੀਂ ਵਾਰ ਪਿੰਡ ਦੇ ਸਰਪੰਚ ਚੁਣੇ ਗਏ ਹਨ ਅਤੇ ਪੰਚਾਇਤ ਕੋਲ 15ਵੇਂ ਵਿੱਤ ਕਮਿਸ਼ਨ ਤਹਿਤ ਕਰੀਬ 90 ਲੱਖ ਰੁਪਏ ਦੀ ਰਾਸ਼ੀ ਉਪਲਬਧ ਹੈ। ਸਰਪੰਚ ਨੇ ਕਿਹਾ ਕਿ ਉਹ ਪੰਚਾਇਤ ਦੇ ਫ਼ੰਡਾਂ ਦੀ ਦੁਰਵਰਤੋਂ ਨਹੀਂ ਹੋਣ ਦੇਣਗੇ ਅਤੇ ਆਪਣੇ ਮੁਅੱਤਲੀ ਹੁਕਮਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਕਾਨੂੰਨੀ ਲੜਾਈ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਾਰਵਾਈ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿਚ ਦਿੱਤਾ ਜਾਵੇਗਾ।