‘ਜ਼ਿਲ੍ਹਾ ਸਕੂਲ ਖੇਡਾਂ’ ਫ਼ਿਰੋਜ਼ਪੁਰ ’ਚ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ ਸ਼ੁਰੂ
* ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਫ਼ੌਜਾ ਸਿੰਘ ਸਰਾਰੀ ਨੇ ਕੀਤਾ ਉਦਘਾਟਨ * 25 ਤੱਕ ਹੋਣਗੇ ਮੁਕਾਬਲੇ
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਵਿਖੇ ਧੂਮਧਾਮ ਨਾਲ ਸ਼ੁਰੂ ਹੋ ਗਏ। ਉਦਘਾਟਨੀ ਸਮਾਰੋਹ ਵਿਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਫ਼ੌਜਾਂ ਸਿੰਘ ਸਰਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਕ
ਕ੍ਰਿਕਟ ਅੰਡਰ-19 ਲੜਕੀਆਂ ਦੇ ਅੰਤਰ ਜ਼ਿਲ੍ਹਾ ਟੂਰਨਾਮੈਂਟ ਦਾ ਉਦਘਾਟਨ ਕਰਦੇ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ੌਜਾਂ ਸਿੰਘ ਸਰਾਰੀ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਅਤੇ ਡਿਪਟੀ ਡੀ.ਈ.ਓ ਡਾ.ਸਤਿੰਦਰ ਸਿੰਘ ਅਤੇ ਹੋਰ। ਤਸਵੀਰਾਂ-ਗੁਰਿੰਦਰ ਸਿੰਘ
23-09-2026
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ 70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ (2026-27) ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਰਾਜ ਪੱਧਰੀ ਮੁਕਾਬਲੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਵਿਖੇ ਧੂਮਧਾਮ ਨਾਲ ਸ਼ੁਰੂ ਹੋ ਗਏ। ਉਦਘਾਟਨੀ ਸਮਾਰੋਹ ਵਿਚ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਗੁਰੂਹਰਸਹਾਏ ਫ਼ੌਜਾਂ ਸਿੰਘ ਸਰਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਝੰਡਾ ਲਹਿਰਾਉਣ ਉਪਰੰਤ ਉਨ੍ਹਾਂ ਵਲੋਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮੁਨੀਲਾ ਅਰੋੜਾ ਨੇ ਖਿਡਾਰਨਾਂ, ਕੋਚਾਂ, ਅਧਿਆਪਕਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਸਾਧਨ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ, ਟੀਮ ਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੰਦਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਇਹ ਮੁਕਾਬਲੇ 22 ਤੋਂ 25 ਸਤੰਬਰ ਤੱਕ ਹੋਣਗੇ, ਜਿਨ੍ਹਾਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਅੰਡਰ-19 ਲੜਕੀਆਂ ਦੀਆਂ ਕ੍ਰਿਕਟ ਟੀਮਾਂ ਹਿੱਸਾ ਲੈ ਰਹੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਵਲੋਂ ਖਿਡਾਰਨਾਂ ਲਈ ਲੋੜੀਂਦੀਆਂ ਸਹੂਲਤਾਂ ਅਤੇ ਮੁਕਾਬਲੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਖਿਡਾਰਨਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਖੇਤਰ ਵਿਚ ਲਗਾਤਾਰ ਮੱਲ੍ਹਾਂ ਮਾਰ ਰਹੀਆਂ ਹਨ। ਵਿਧਾਇਕ ਫ਼ੌਜਾਂ ਸਿੰਘ ਸਰਾਰੀ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਮਿਹਨਤ, ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਟੀਮ ਭਾਵਨਾ ਵਰਗੇ ਗੁਣ ਪੈਦਾ ਕਰਦੀਆਂ ਹਨ।ਲੈਕਚਰਾਰ ਦਲਬੀਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਕਪੂਰਥਲਾ ਨੇ ਪਠਾਨਕੋਟ ਵਿਰੁੱਧ 101 ਦੌੜਾਂ ਦਾ ਟੀਚਾ ਰੱਖਿਆ, ਜਿਸ ਦੇ ਜਵਾਬ ਵਿਚ ਪਠਾਨਕੋਟ ਨੇ 72 ਦੌੜਾਂ ਬਣਾਈਆਂ। ਦੂਜੇ ਮੈਚ ਵਿਚ ਗੁਰਦਾਸਪੁਰ ਨੇ 125 ਦੌੜਾਂ ਬਣਾਈਆਂ, ਜਦਕਿ ਸੰਗਰੂਰ ਦੀ ਟੀਮ 100 ਦੌੜਾਂ ਹੀ ਬਣਾ ਸਕੀ। ਤੀਜੇ ਮੁਕਾਬਲੇ ਵਿਚ ਬਠਿੰਡਾ ਨੇ 169 ਦੌੜਾਂ ਬਣਾਈਆਂ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ 37 ਦੌੜਾਂ ’ਤੇ ਸਿਮਟ ਗਈ। ਦੁਪਹਿਰ ਤੋਂ ਬਾਅਦ ਦੂਜੇ ਸੈਸ਼ਨ ਦੇ ਮੁਕਾਬਲੇ ਜਾਰੀ ਸਨ। ਇਸ ਮੌਕੇ ਸਿੱਖਿਆ ਵਿਭਾਗ ਦੇ ਅਧਿਕਾਰੀ, ਅਧਿਆਪਕ, ਕੋਚ, ਖਿਡਾਰਨਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ।