06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

12 ਮਹੀਨਿਆਂ ਤੋਂ ਸਰਕਾਰੀ ਦਫ਼ਤਰਾਂ ਦੀ ਧੂੜ ਫੱਕ ਰਹੀ ਅੰਮ੍ਰਿਤਸਰ ’ਚ ਬਣਨ ਵਾਲੇ ਫਲੈਟਾਂ ਦੀ ਫਾਇਲ

ਅਜੀਤ ਡੈਸਕ 18-06-2026
ਅੰਮ੍ਰਿਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)- ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਲੋਂ ਭਾਈ ਗੁਰਦਾਸ ਜੀ ਨਗਰ (ਨਿਊ ਅੰਮ੍ਰਿਤਸਰ) ਵਿਖੇ 8.14 ਏਕੜ ‘ਚ 12 ਤੋਂ 14 ਮੰਜ਼ਿਲਾਂ ਵਾਲੇ ਆਧੁਨਿਕ ਅਤੇ ਲਗਜ਼ਰੀ ਹਾਈ-ਰਾਈਜ਼ ਫਲੈਟ ਬਣਾਉਣ ਦੀ ਯੋਜਨਾ ਫਿਲਹਾਲ ਠੰਡੇ ਬਸਤੇ ‘ਚ ਪੈ ਗਈ ਹੈ। ਲਗਪਗ ਪਿਛਲ਼ੇ 12 ਮਹੀਨਿਆਂ ਤੋਂ ਇਸ ਪ੍ਰੋਜੈਕਟ ਦੀ ਫਾਇਲ ਜਿਥੇ ਸਰਕਾਰੀ ਦਫਤਰਾਂ ਦੀ ਧੂੜ ਫੱਕ ਰਹੀ ਹੈ ਉਥੇ ਹੀ ਪੰਜਾਬ ਸਰਕਾਰ ਦਾ ਇਨ੍ਹਾਂ ਫਲੈਟਾਂ ਦੀ ਉਸਾਰੀ ਲਈ ਹੁੰਗਾਰਾ ਵੀ ਨਾਮਾਤਰ ਹੀ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਰਕੇ ਆਮ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਨੂੰ ਇਕ ਵਾਰ ਫਿਰ ਝਟਕਾ ਲੱਗ ਰਿਹਾ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਕਰੀਬ 2021 ‘ਚ ਕਾਂਗਰਸ ਸਰਕਾਰ ਵੇਲੇ ਨਗਰ ਸੁਧਾਰ ਟਰੱਸਟ ਵਲੋਂ ਉਕਤ ਫਲੈਟ ਬਣਾਉਣ ਦੀ ਯੋਜਨਾ ਬਣਾਈ ਸੀ ਅਤੇ ਲੋਕਾਂ ਨੇ ਡਿਮਾਂਡ ਸਰਵੇਂ ‘ਚ ਹਿੱਸਾ ਵੀ ਲਿਆ ਸੀ ਪਰ ਇਹ ਯੋਜਨਾ ਸਿਰੇ ਨਾ ਚੜ੍ਹਣ ਕਰਕੇ ਆਖ਼ਰ ਬਿਨੈਕਾਰਾਂ ਨੂੰ ਉਨ੍ਹਾਂ ਵਲੋਂ ਜਮ੍ਹਾ ਕਰਵਾਈ ਗਈ ਰਕਮ ਟਰੱਸਟ ਨੇ ਵਾਪਸ ਕਰ ਦਿੱਤੀ ਸੀ। ਉਸ ਤੋਂ ਬਾਅਦ ਇਕ ਵਾਰ ਫਿਰ 2025 ‘ਚ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਨਗਰ ਸੁਧਾਰ ਟਰੱਸਟ ਨੇ ਸੁਪਰ ਹਾਈ ਇਨਕਮ ਗਰੁੱਪ (ਐਚਆਈਜੀ ਸੁਪਰ), ਹਾਈ ਇਨਕਮ ਗਰੁੱਪ (ਐੱਚ ਆਈ ਜੀ), ਅਤੇ ਮਿਡਲ ਇਨਕਮ ਗਰੁੱਪ (ਐੱਮ ਆਈ ਜੀ) ਦੇ ਫਲੈਟ ਤਿਆਰ ਕਰਨ ਦੀ ਯੋਜਨਾ ਬਣਾ ਕੇ ਡਿਮਾਂਡ ਸਰਵੇ ਕਰਵਾਇਆ, ਜਿਸ ਨੂੰ ਲੋਕਾਂ ਦਾ ਬੇਹੱਦ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਟਰੱਸਟ ਵਲੋਂ ਬਣਾਏ ਜਾਣ ਵਾਲੇ ਕੁੱਲ 750 ਫਲੈਟਾਂ ਦੇ ਲਈ 3 ਹਜ਼ਾਰ ਤੋਂ ਵਧੇਰੇ ਲੋਕਾਂ ਨੇ 10 ਤੋਂ 15 ਹਜਾਰ ਦੀ ਫੀਸ ਭਰਕੇ ਆਪਣੇ ਬਿਨੈ ਪੱਤਰ ਦਿੱਤੇ। ਟਰੱਸਟ ਨੇ ਉਕਤ ਪ੍ਰੋਜੈਕਟ ਦੀ ਫਾਇਲ ਅਗਲੇਰੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਭੇਜ ਦਿੱਤੀ, ਜੋ ਕਿ ਅਜੇ ਤੱਕ ਵਾਪਸ ਨਹੀਂ ਮੁੜੀ ਅਤੇ ਨਾ ਹੀ ਕੋਈ ਹਾਂ ਪੱਖੀ ਸੁਨੇਹਾ ਆਇਆ। ਇਸ ਪ੍ਰੋਜੈਕਟ ਮੁਤਾਬਕ ਐੱਚ.ਆਈ.ਜੀ. ਸੁਪਰ (3 ਬੀਐਚਕੇ + 3 ਟਾਇਲਟ + ਸਟੋਰ) : ਇਸ ਦਾ ਕੁੱਲ ਏਰੀਆ 1610 ਵਰਗ ਫੀਟ ਹੈ। ਇਸ ਦੀ ਕੀਮਤ ਬਿਨਾਂ ਫਰਨੀਚਰ 45.80 ਲੱਖ ਅਤੇ ਫਰਨੀਚਰ ਸਮੇਤ 58.20 ਲੱਖ ਰੱਖੀ ਗਈ। ਐਚ. ਆਈ. ਜੀ. (3 ਬੀ.ਐਚ.ਕੇ. + 2 ਟਾਇਲਟ + ਸਟੋਰ): ਇਸ ਦਾ ਕੁੱਲ ਏਰੀਆ 1510 ਵਰਗ ਫੁੱਟ ਅਤੇ ਇਸ ਦੀ ਕੀਮਤ ਬਿਨਾਂ ਫਰਨੀਚਰ 43.30 ਲੱਖ ਅਤੇ ਫਰਨੀਚਰ ਸਮੇਤ 54.90 ਲੱਖ ਅਤੇ ਐਮ ਆਈ ਜੀ (2 ਬੀਐਚਕੇ + 2 ਟਾਇਲਟ + ਸਟੋਰ): ਇਸ ਦਾ ਕੁੱਲ ਏਰੀਆ 1310 ਵਰਗ ਫੁੱਟ ਅਤੇ ਇਸ ਦੀ ਕੀਮਤ ਬਿਨਾਂ ਫਰਨੀਚਰ 39.50 ਲੱਖ ਅਤੇ ਫਰਨੀਚਰ ਸਮੇਤ 49.50 ਲੱਖ ਹੈ। ਇਨ੍ਹਾਂ ਨਵੇਂ ਹਾਈ-ਰਾਈਜ਼ ਫਲੈਟਾਂ ਵਿਚ ਲੋਕਾਂ ਦੀ ਸਹੂਲਤ ਲਈ ਭੂਚਾਲ ਰੋਧਕ ਪੱਕਾ ਢਾਂਚਾ, 24 ਘੰਟੇ ਪਾਵਰ ਬੈਕਅੱਪ ਅਤੇ ਹਾਈ-ਸਪੀਡ ਲਿਫਟਾਂ, ਸੀਸੀਟੀਵੀ ਸੁਰੱਖਿਆ ਅਤੇ ਹਰੇ-ਭਰੇ ਪਾਰਕ, ਕਲੱਬ ਹਾਊਸ, ਜਿਮ, ਸ਼ਾਪਿੰਗ ਸੈਂਟਰ ਅਤੇ ਈਵੀ ਚਾਰਜਿੰਗ ਪੁਆਇੰਟ ਆਦਿ ਸ਼ਾਮਿਲ ਹਨ। ਇਸ ਸਬੰਧੀ ਬਿਨੈਕਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਗਰ ਸੁਧਾਰ ਟਰੱਸਟ ਦੀ ਉਕਤ ਸਕੀਮ ਬੇਹੱਦ ਪਸੰਦ ਆਈ ਸੀ, ਜਿਸ ਕਰਕੇ ਉਨ੍ਹਾਂ ਡਿਮਾਂਡ ਸਰਵੇਂ ‘ਚ ਹਿੱਸਾ ਲਿਆ ਪਰ 12 ਮਹੀਨਿਆਂ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਦਾ ਕੋਈ ਵੀ ਹਾਂ ਪੱਖੀ ਰਵੱਈਆ ਦੇਖਣ ਨੂੰ ਨਹੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਉਨ੍ਹਾਂ 10 ਤੋਂ 15 ਹਜਾਰ ਰੁਪਏ ਵੀ ਜਮ੍ਹਾ ਕਰਵਾਏ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਵੱਡੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਇਨ੍ਹਾਂ ਫਲੈਟਾਂ ਦੀ ਉਸਾਰੀ ਜਲਦ ਤੋਂ ਜਲਦ ਕਰਵਾਏ। ਉਥੇ ਹੀ ਕੁਝ ਭਰੋਸੇਯੋਗ ਸੂਤਰਾਂ ਦਾ ਮੰਨਣਾ ਹੈ ਕਿ ਸਰਕਾਰ ਇਨ੍ਹਾਂ ਫਲੈਟਾਂ ਨੂੰ ਬਣਾਉਣ ‘ਚ ਕੋਈ ਬਹੁਤੀ ਦਿਲਚਸਪੀ ਨਹੀਂ ਦਿਖਾ ਰਹੀ ਅਤੇ ਉਹ ਚਾਹੁੰਦੀ ਹੈ ਕਿ ਫਲੈਟ ਬਣਾਉਣ ਦੀ ਬਜਾਏ 8.14 ਏਕੜ ਜ਼ਮੀਨ ਸਿੱਧੀ ਵੇਚ ਦਿੱਤੀ ਜਾਵੇ। ਇਸ ਸਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।
ਪਿਛਲੀ ਖ਼ਬਰ ਪੰਜਵੇਂ ਗੁਰੂ ਸਾਹਿਬ ਦੀ ਸ਼ਹਾਦਤ ਸਿੱਖ ਇਤਿਹਾਸ ਦਾ ਮਹਾਨ ਅਧਿਆਇ-ਉੱਪ ਕੁਲਪਤੀ ਡਾ. ਮਹਿਲ ਸਿੰਘ ਅਗਲੀ ਖ਼ਬਰ ਕੇਵਲ ਸਿੰਘ ਢਿੱਲੋਂ ਤੇ ਤਰੁਣ ਚੁੱਘ ਸ਼ੁਕਰਾਨੇ ਵਜੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।