ਅੰਮ੍ਰਿਤਸਰ, 17 ਜੂਨ (ਸੁਰਿੰਦਰ ਕੋਛੜ)-ਅੰਮ੍ਰਿਤਸਰ ਦੇ ਪੁਰਾਣੇ ਅੰਦਰੂਨੀ ਸ਼ਹਿਰ ‘ਚ ਸਥਿਤ ਕਈ ਪੁਰਾਣੀਆਂ ਇਮਾਰਤਾਂ ਅਤੇ ਰਿਹਾਇਸ਼ੀ ਮਕਾਨ ਮੌਨਸੂਨ ਸੀਜ਼ਨ ਦੌਰਾਨ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਨ੍ਹਾਂ ਖਸਤਾ ਹਾਲਤ ਇਮਾਰਤਾਂ ਦੀਆਂ ਕੰਧਾਂ, ਛੱਤਾਂ ਅਤੇ ਬਾਲਕਨੀਆਂ ਕਮਜ਼ੋਰ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੇ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ। ਖ਼ਾਸ ਤੌਰ ‘ਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਗਲੀਆਂ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ‘ਤੇ ਕਈ ਅਜਿਹੀਆਂ ਪੁਰਾਣੀਆਂ ਖੰਡਰ ਦਾ ਰੂਪ ਲੈ ਚੁੱਕੀਆਂ ਇਮਾਰਤਾਂ ਮੌਜੂਦ ਹਨ, ਜਿਨ੍ਹਾਂ ਦੇ ਬਾਰਸ਼ਾਂ ਦੌਰਾਨ ਅਚਨਚੇਤ ਡਿੱਗਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ‘ਚ ਪਿਛਲੀਆਂ ਬਾਰਸ਼ਾਂ ਦੌਰਾਨ 6 ਤੋਂ ਵੱਧ ਮਕਾਨ ਡਿਗ ਚੁੱਕੇ ਹਨ। ਸਥਾਨਕ ਬਾਜ਼ਾਰ ਬਿਕਾਨੇਰੀਆਂ, ਕਟੜਾ ਆਹਲੂਵਾਲੀਆ, ਸ਼ਾਸਤਰੀ ਮਾਰਕੀਟ ਆਦਿ ਸਮੇਤ ਜਲ੍ਹਿਆਂਵਾਲਾ ਬਾਗ ਦੇ ਨਜ਼ਦੀਕ ਮੌਜੂਦ ਪੁਰਾਣੇ ਘਰਾਂ ਦੇ ਲਕੜੀ ਦੇ ਖ਼ਸਤਾ-ਹਾਲ ਛੱਜੇ ਅਤੇ ਖੰਡਰ ਦਾ ਰੂਪ ਲੈ ਰਹੇ ਢਾਂਚੇ ਸਥਾਨਕ ਰਾਹਗੀਰਾਂ ਅਤੇ ਦੇਸ਼-ਵਿਦੇਸ਼ ਤੋਂ ਅੰਮ੍ਰਿਤਸਰ ਦੀ ਯਾਤਰਾ ਲਈ ਆਉਣ ਵਾਲੇ ਸੈਲਾਨੀਆਂ ਦੀ ਜਾਨ ਦਾ ਖੋਹ ਬਣੇ ਹੋਏ ਹਨ। ਇਨ੍ਹਾਂ ਖੇਤਰਾਂ ‘ਚੋਂ ਹੋ ਕੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਅਤੇ ਕਾਰੋਬਾਰੀ ਤੇ ਆਮ ਗਾਹਕ ਵੱਖ-ਵੱਖ ਬਾਜ਼ਾਰਾਂ ਵਲ ਜਾਂਦੇ ਹਨ। ਸਥਾਨਕ ਰਾਣੀ ਕਾ ਬਾਗ ਵਿਖੇ ਰਹਿੰਦੇ ਸਮਾਜਿਕ ਚਿੰਤਕ ਅਤੇ ਆਰ. ਟੀ. ਆਈ. ਕਾਰਕੁਨ ਨਰੇਸ਼ ਜੌਹਰ, ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਅੰਮ੍ਰਿਤਸਰ ਚੈਪਟਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਅਤੇ ਅੰਮ੍ਰਿਤਸਰ ਫਾਊਂਡੇਸ਼ਨ ਦੇ ਸੰਸਥਾਪਕ ਗੁਰਿੰਦਰ ਸਿੰਘ ਜੌਹਲ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਚਿੰਤਾਜਨਕ ਗੱਲ ਇਹ ਹੈ ਕਿ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਸਥਾਨਕ ਨਾਗਰਿਕ ਅਤੇ ਸੈਲਾਨੀ ਇਨ੍ਹਾਂ ਖ਼ਸਤਾ-ਹਾਲ ਢਾਂਚਿਆਂ ਦੇ ਅੱਗੋਂ ਲੰਘ ਕੇ ਜਲ੍ਹਿਆਂਵਾਲਾ ਬਾਗ ਅਤੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹਨ। ਜਿਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਮੁਕੰਮਲ ਤੌਰ ‘ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸੰਬੰਧਿਤ ਵਿਭਾਗਾਂ ਦੀ ਹੈ। ਉਨ੍ਹਾਂ ਨੇ ਕਿਹਾ ਕਿ ਬਰਸਾਤਾਂ ਦੌਰਾਨ ਖ਼ਸਤਾ ਹਾਲਤ ਇਮਾਰਤਾਂ ਦੀ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ। ਮੀਂਹ ਦਾ ਪਾਣੀ ਕੰਧਾਂ ‘ਚ ਰਿਸਣ ਕਾਰਨ ਢਾਂਚੇ ਕਮਜ਼ੋਰ ਪੈਂਦੇ ਹਨ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਦੀ ਸੰਭਾਵਨਾ ਵਧ ਜਾਂਦੀ ਹੈ। ਕਈ ਥਾਵਾਂ ‘ਤੇ ਇਮਾਰਤਾਂ ਦੇ ਹਿੱਸੇ ਪਹਿਲਾਂ ਵੀ ਢਹਿ ਚੁੱਕੇ ਹਨ, ਪਰ ਸੰਬੰਧਿਤ ਵਿਭਾਗਾਂ ਵਲੋਂ ਅਜੇ ਤੱਕ ਕੋਈ ਵਿਆਪਕ ਕਾਰਵਾਈ ਨਹੀਂ ਕੀਤੀ ਗਈ। ਉਕਤ ਸਮਾਜਿਕ ਚਿੰਤਕਾਂ ਨੇ ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਰਸਾਤਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਖ਼ਤਰਨਾਕ ਇਮਾਰਤਾਂ ਦਾ ਸਰਵੇ ਕਰਵਾਇਆ ਜਾਵੇ ਅਤੇ ਜਿੱਥੇ ਲੋੜ ਹੋਵੇ ਉੱਥੇ ਤੁਰੰਤ ਮੁਰੰਮਤ ਜਾਂ ਮਜ਼ਬੂਤੀਕਰਨ ਦੇ ਕੰਮ ਕਰਵਾਏ ਜਾਣ। ਇਸ ਤੋਂ ਇਲਾਵਾ ਜਿਨ੍ਹਾਂ ਇਮਾਰਤਾਂ ਨੂੰ ਸੁਰੱਖਿਅਤ ਰੱਖਿਆ ਜਾਣਾ ਅਸੰਭਵ ਹੈ, ਉਨ੍ਹਾਂ ਨੂੰ ਸਮਾਂ ਰਹਿੰਦਿਆਂ ਢਾਹ ਕੇ ਰਾਹ ਪੱਧਰਾ ਕਰ ਦੇਣਾ ਚਾਹੀਦਾ ਹੈ ਤਾਂ ਕਿ ਰਾਹਗੀਰਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ।