13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਭਾਜਪਾ ਵਲੋਂ ਸਲਿਲ ਕਪੂਰ ਅੰਮ੍ਰਿਤਸਰ (ਸ਼ਹਿਰੀ) ਪ੍ਰਧਾਨ ਅਤੇ ਕੰਵਰਬੀਰ ਸਿੰਘ ਮੰਜ਼ਿਲ ਅੰਮ੍ਰਿਤਸਰ (ਦਿਹਾਤੀ 2) ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 19-07-2026
ਅੰਮ੍ਰਿਤਸਰ, 18 ਜੁਲਾਈ (ਜਸਵੰਤ ਸਿੰਘ ਜੱਸ)-ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਮਨੋਰਥ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਦੋ ਨੌਜਵਾਨਾਂ ਨੂੰ ਅੰਮ੍ਰਿਤਸਰ (ਸ਼ਹਿਰੀ) ਤੇ ਅੰਮ੍ਰਿਤਸਰ (ਦਿਹਾਤੀ 2) ਦੇ ਪ੍ਰਧਾਨਾਂ ਵਜੋਂ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਨੌਜਵਾਨ ਆਗੂ ਸਲਿਲ ਕਪੂਰ ਨੂੰ ਹਰਵਿੰਦਰ ਸਿੰਘ ਸੰਧੂ ਦੀ ਥਾਂ ਭਾਜਪਾ ਅੰਮ੍ਰਿਤਸਰ (ਸ਼ਹਿਰੀ) ਦੇ ਨਵੇਂ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸਲਿਲ ਕਪੂਰ ਦੀ ਇਸ ਨਿਯੁਕਤੀ ਨੂੰ ਪਾਰਟੀ ਵਲੋਂ ਸ਼ਹਿਰੀ ਖੇਤਰ ਵਿਚ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਬੂਥ ਪੱਧਰ ‘ਤੇ ਹੋਰ ਮਜ਼ਬੂਤ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਲਿਲ ਕਪੂਰ ਇਸ ਤੋਂ ਪਹਿਲਾਂ ਭਾਜਪਾ ਯੁਵਾ ਮੋਰਚਾ ਦੇ ਵਾਰਡ, ਸਰਕਲ ਪ੍ਰਧਾਨ, ਜ਼ਿਲ੍ਹਾ ਸਕੱਤਰ, ਜਨਰਲ ਸਕੱਤਰ ਅਤੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਤੋਂ ਇਲਾਵਾ ਪ੍ਰਦੇਸ਼ ਭਾਜਪਾ ਯੁਵਾ ਮੋਰਚਾ ਦੇ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਸਮੇਤ ਹੋਰ ਕਈ ਅਹੁਦਿਆਂ ਤੇ ਕਾਰਜ ਕਰ ਚੁੱਕੇ ਹਨ। ਇਸ ਵੇਲੇ ਸਲਿਲ ਕਪੂਰ ਭਾਜਪਾ ਅੰਮ੍ਰਿਤਸਰ ਇਕਾਈ ਦੇ ਜ਼ਿਲ੍ਹਾ ਜਨਰਲ ਸਕੱਤਰ ਸਨ, ਜਿਨ੍ਹਾਂ ਨੂੰ ਹੁਣ ਨਵੇਂ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਵਜੋਂ ਜ਼ਿੰਮੇਵਾਰੀ ਮਿਲੀ ਹੈ। ਇਸੇ ਦੌਰਾਨ ਸਲਿਲ ਕਪੂਰ ਨੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਉਨ੍ਹਾਂ ‘ਤੇ ਜਤਾਏ ਗਏ ਭਰੋਸੇ ‘ਤੇ ਪੂਰੀ ਤਰ੍ਹਾਂ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਅਤੇ ਜ਼ਿਲ੍ਹੇ ਦੇ ਅਹੁਦੇਦਾਰਾਂ ਅਤੇ ਪਾਰਟੀ ਵਰਕਰਾਂ ਨੂੰ ਨਾਲ ਲੈ ਕੇ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਹੋਰ ਮਜਬੂਤ ਕਰਨਗੇ । ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸਾਂਸਦ ਸ਼ਵੇਤ ਮਲਿਕ ਨੇ ਜਾਰੀ ਬਿਆਨ ਵਿਚ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸਲਿਲ ਕਪੂਰ ਨੂੰ ਅੰਮ੍ਰਿਤਸਰ ਸ਼ਹਿਰੀ ਇਕਾਈ ਦਾ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ ਕਰਦਿਆਂ ਇਸ ਨੂੰ ਪਾਰਟੀ ਵਰਕਰਾਂ ਦੀ ਜਿੱਤ ਕਰਾਰ ਦਿੱਤਾ ਹੈ। ਸ੍ਰੀ ਮਲਿਕ ਨੇ ਕਿਹਾ ਕਿ ਸਲਿਲ ਕਪੂਰ ਵਿਦਿਆਰਥੀ ਜੀਵਨ ਤੋਂ ਹੀ ਆਰ.ਐਸ.ਐਸ. ਦੇ ਕਾਰਜਕਰਤਾ ਰਹੇ ਅਤੇ ਫਿਰ ਯੁਵਾ ਮੋਰਚਾ ਸਮੇਤ ਵੱਖ-ਵੱਖ ਅਹੁਦਿਆਂ ‘ਤੇ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸਲਿਲ ਕਪੂਰ ਦੀ ਅਗਵਾਈ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਸ਼ਹਿਰ ਦੇ ਸਾਰੇ ਪੰਜ ਵਿਧਾਨ ਸਭਾ ਹਲਕਿਆਂ ਵਿਚ ਜਿੱਤ ਦਾ ਝੰਡਾ ਲਹਿਰਾਏਗੀ।
ਪਾਰਟੀ ਦੀਆਂ ਨੀਤੀਆਂ ਦਿਹਾਤੀ ਖੇਤਰ ਦੇ ਘਰ-ਘਰ ਪਹੁੰਚਾਵਾਂਗਾ : ਕੰਵਰਬੀਰ ਸਿੰਘ ਮੰਜ਼ਿਲ
ਇਸੇ ਦੌਰਾਨ ਭਾਜਪਾ ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਅੰਮ੍ਰਿਤਸਰ (ਦਿਹਾਤੀ 2) ਦੇ ਪ੍ਰਧਾਨ ਨਿਯੁਕਤ ਕੀਤੇ ਗਏ ਨੌਜਵਾਨ ਭਾਜਪਾ ਆਗੂ ਕੰਵਰਬੀਰ ਸਿੰਘ ਮੰਜ਼ਿਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਵੀਂ ਜ਼ਿੰਮੇਵਾਰੀ ਸੌਂਪਣ ਲਈ ਪ੍ਰਧਾਨ ਸ: ਢਿੱਲੋਂ ਤੇ ਭਾਜਪਾ ਹਾਈਕਮਾਨ ਦਾ ਧੰਨਵਾਦ ਕਰਦੇ ਹਨ ਤੇ ਆਪਣੇ ਸਾਥੀਆਂ ਤੇ ਪਾਰਟੀ ਵਰਕਰਾਂ ਨਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ, ਜੰਡਿਆਲਾ ਅਤੇ ਬਾਬਾ ਬਕਾਲਾ ਸਾਹਿਬ ਦੇ ਦਿਹਾਤੀ ਖੇਤਰਾਂ ਵਿਚ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ ਅਤੇ ਪਾਰਟੀ ਵਿਧਾਨ ਸਭਾਂ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ।
ਪਿਛਲੀ ਖ਼ਬਰ ਗੌਰਮਿੰਟ ਟੀਚਰਜ਼ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਮਿਲਿਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰਾ ਪੂਰੀ ਤਰ੍ਹਾਂ ਫਲਾਪ-ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।