ਅੰਮ੍ਰਿਤਸਰ, 26 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਕਸਟਮਜ਼ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਹਿਮਾਲੀਅਨ ਹੌਗ ਚੈਪਟਰ ਚੰਡੀਗੜ੍ਹ ਦੇ ਸਹਿਯੋਗ ਨਾਲ ‘ਜੀਵਨ ਨੂੰ ਹਾਂ ਕਹੋ, ਨਸ਼ਿਆਂ ਨੂੰ ਨਾਂਹ’ ਵਿਸ਼ੇ ‘ਤੇ ਇਕ ਨਸ਼ਾ ਵਿਰੋਧੀ ਜਨਤਕ ਜਾਗਰੂਕਤਾ ਬਾਈਕ ਰੈਲੀ ਦਾ ਆਯੋਜਨ ਕੀਤਾ। ਇਹ ਰੈਲੀ ਕਸਟਮਜ਼ ਦਫ਼ਤਰ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਅਟਾਰੀ-ਵਾਹਗਾ ਸਰਹੱਦ ‘ਤੇ ਆਈ. ਸੀ. ਪੀ. ਅਟਾਰੀ-ਵਾਹਗਾ ਸਰਹੱਦ ਵਿਖੇ ਸਮਾਪਤ ਹੋਈ। ਰੈਲੀ ਨੂੰ ਆਲੋਕ ਸ੍ਰੀਵਾਸਤਵ ਕਮਿਸ਼ਨਰ ਕਸਟਮਜ਼ ਅੰਮ੍ਰਿਤਸਰ ਦੀ ਅਗਵਾਈ ਹੇਠ ਬੁੱਧੀ ਪ੍ਰਕਾਸ਼, ਆਈ. ਆਰ. ਐੱਸ. ਵਧੀਕ ਕਮਿਸ਼ਨਰ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਬੁੱਧੀ ਪ੍ਰਕਾਸ਼ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਅਕਤੀਆਂ, ਪਰਿਵਾਰਾਂ ਅਤੇ ਸਮੁੱਚੇ ਸਮਾਜ ਲਈ ਇਕ ਗੰਭੀਰ ਚੁਣੌਤੀ ਹੈ। ਉਨ੍ਹਾਂ ਨੇ ਖਾਸ ਤੌਰ ‘ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਭਾਰਤ ਦੇ ਭਾਰਤ ਸਰਕਾਰ ਦੇ ਸੰਕਲਪ ਨੂੰ ਪੂਰਾ ਕਰਨ ਲਈ ਅੱਗੇ ਆਉਣ ਅਤੇ ਇਕ ਸਿਹਤਮੰਦ, ਜ਼ਿੰਮੇਵਾਰ ਅਤੇ ਨਸ਼ੀਲੇ ਪਦਾਰਥਾਂ ਤੋਂ ਮੁਕਤ ਰਾਸ਼ਟਰ ਬਣਾਉਣ ‘ਚ ਸਰਗਰਮ ਭੂਮਿਕਾ ਨਿਭਾਉਣ। ਡਾ. ਰਣਦੀਪ ਸਿੰਘ ਮਾਨ ਡਾਇਰੈਕਟਰ, ਹਿਮਾਲੀਅਨ ਹੌਗ ਚੈਪਟਰ ਚੰਡੀਗੜ੍ਹ ਨੇ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਭਾਈਚਾਰਕ ਭਾਗੀਦਾਰੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਕਸਟਮਜ਼ ਕਮਿਸ਼ਨਰੇਟ ਨੇ ਨਸ਼ਾ ਵਿਰੋਧੀ ਜਨਤਕ ਜਾਗਰੂਕਤਾ ਬਾਈਕ ਰੈਲੀ ਕੱਢੀ
ਅਜੀਤ ਡੈਸਕ
27-07-2026