ਅੰਮ੍ਰਿਤਸਰ, 27 ਜੁਲਾਈ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀਆਂ ਹਦਾਇਤਾਂ ‘ਤੇ ਨਗਰ ਨਿਗਮ ਵਲੋਂ ‘ਐਨੀਮਲ ਬਰਥ ਕੰਟਰੋਲ (ਏਬੀਸੀ) ਪ੍ਰੋਗਰਾਮ ਤਹਿਤ ਹਲਕਾਅ, ਕੁੱਤਿਆਂ ਦੇ ਕੱਟਣ ਤੋਂ ਬਚਾਅ ਅਤੇ ਜ਼ਿੰਮੇਵਾਰ ਖੁਰਾਕ ਮੁਹਿੰਮ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਸੰਬੰਧੀ ਅੱਜ ਜਗਤ ਜਯੋਤੀ ਸਕੂਲ, ਬੱਸ ਅੱਡਾ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਆਈ. ਡੀ. ਐੱਚ. ਮਾਰਕੀਟ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ‘ਤੇ ਵੱਡੀ ਗਿਣਤੀ ਵਿਚ ਆਮ ਲੋਕਾਂ ਨੇ ਵੀ ਭਾਗ ਲਿਆ। ਇਸ ਤੋਂ ਇਲਾਵਾ ਨਗਰ ਨਿਗਮ ਦੇ ਸਫ਼ਾਈ ਸੇਵਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਨਾਗਰਿਕਾਂ ਨੂੰ ਦੱਸਿਆ ਗਿਆ ਕਿ ਆਵਾਰਾ ਕੁੱਤਿਆਂ ਦੀ ਨਸਬੰਦੀ ਅਤੇ ਐਂਟੀ-ਰੇਬੀਜ਼ (ਹਲਕਾਅ ਤੋਂ ਬਚਾਅ ਸੰਬੰਧੀ) ਟੀਕਾਕਰਨ ਨਾਲ ਕੁੱਤਿਆਂ ਦੀ ਗਿਣਤੀ ਨੂੰ ਮਨੁੱਖੀ ਤਰੀਕੇ ਨਾਲ ਨਿਯੰਤਰਿਤ ਕਰਨ ਦੇ ਨਾਲ-ਨਾਲ ਹਲਕਾਅ ਦੇ ਖਤਰੇ ਨੂੰ ਵੀ ਘਟਾਇਆ ਜਾ ਸਕਦਾ ਹੈ। ਨਗਰ ਨਿਗਮ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੁੱਤਿਆਂ ਨੂੰ ਕਦੇ ਵੀ ਛੇੜਛਾੜ ਜਾਂ ਪੱਥਰ ਨਾ ਮਾਰੇ ਜਾਣ। ਜੇ ਕਿਸੇ ਨੂੰ ਕੁੱਤਾ ਕੱਟ ਲਵੇ ਤਾਂ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਵਗਦੇ ਪਾਣੀ ਨਾਲ ਘੱਟੋ-ਘੱਟ 15 ਮਿੰਟ ਤੱਕ ਧੋ ਕੇ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਹਸਪਤਾਲ ‘ਚ ‘ਐਂਟੀ-ਰੇਬੀਜ਼’ ਇਲਾਜ ਲਈ ਤੁਰੰਤ ਪਹੁੰਚੋ। ਆਵਾਰਾ ਕੁੱਤਿਆਂ ਨੂੰ ਸਿਰਫ਼ ਨਿਰਧਾਰਤ ਸਥਾਨਾਂ ’ਚ ਹੀ ਖੁਰਾਕ ਦਿਓ। ਇਸ ਮੌਕੇ ਸਿਹਤ ਅਫ਼ਸਰ ਗੀਤੂ ਚਾਵਲਾ, ਡਾ: ਦਰਸ਼ਨ ਕਸ਼ਯਪ, ਚੀਫ਼ ਸੈਨੇਟਰੀ ਇੰਸਪੈਕਟਰ ਵਿਜੈ ਗਿੱਲ, ਸਕੂਲ ਦੇ ਡਾਇਰੈਕਟਰ ਸੁਮੀਤ ਪੂਰੀ, ਪ੍ਰਦੀਪ ਮਲਿਕ ਆਦਿ ਮੌਜੂਦ ਸਨ।
ਹਲਕਾਅ ਕੁੱਤਿਆਂ ਦੇ ਕੱਟਣ ਤੋਂ ਬਚਾਅ ਅਤੇ ਜ਼ਿੰਮੇਵਾਰ ਖੁਰਾਕ ਮੁਹਿੰਮ ਬਾਰੇ ਨਿਗਮ ਨੇ ਜਾਗਰੂਕਤਾ ਮੁਹਿੰਮ ਚਲਾਈ
ਅਜੀਤ ਡੈਸਕ
28-07-2026