ਅੰਮ੍ਰਿਤਸਰ, 29 ਜੁਲਾਈ (ਰੇਸ਼ਮ ਸਿੰਘ)- ਪੰਜਾਬ ਪੁਲਿਸ ਨੇ ਨਸ਼ਿਆਂ, ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਖ਼ਿਲਾਫ਼ ਬਹੁਪੱਖੀ ਮੁਹਿੰਮ ਲਗਾਤਾਰ ਜਾਰੀ ਰੱਖਦਿਆਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਬਲ ਦੀ ਖੁਫ਼ੀਆ-ਅਧਾਰਿਤ ਪੁਲਿਸਿੰਗ ਸਭ ਤੋਂ ਅਹਿਮ ਮਿਸਾਲਾਂ ਵਿਚੋਂ ਇਕ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਪਿਛਲੇ ਲਗਭਗ ਸੱਤ ਮਹੀਨਿਆਂ ਦੌਰਾਨ ਸਰਹੱਦੀ ਜ਼ਿਲ੍ਹੇ ਨੇ ਸਰਹੱਦ ਪਾਰੋਂ ਹੋਣ ਵਾਲੀ ਨਸ਼ਾ ਤਸਕਰੀ, ਸੰਗਠਿਤ ਅਪਰਾਧ ਅਤੇ ਸੜਕੀ ਅਪਰਾਧਾਂ ਦੇ ਖ਼ਿਲਾਫ਼ ਵੱਡੀਆਂ ਸਫ਼ਲਤਾਵਾਂ ਹਾਸਲ ਕੀਤੀਆਂ ਹਨ, ਜਿਸ ਨਾਲ ਪੰਜਾਬ ਦੇ ਸਭ ਤੋਂ ਸੰਵੇਦਨਸ਼ੀਲ ਖੇਤਰਾਂ ਵਿੱਚੋਂ ਇਕ ਇਸ ਖੇਤਰ ਵਿਚ ਜਨਤਕ ਸੁਰੱਖਿਆ ਹੋਰ ਮਜ਼ਬੂਤ ਹੋਈ ਹੈ। ਇਹ ਪ੍ਰਗਟਾਵਾ ਡੀ.ਜੀ.ਪੀ. ਗੌਰਵ ਯਾਦਵ ਨੇ ਕਰਦਿਆਂ ਦਸਿਆ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ ਕਮਿਸ਼ਨਰੇਟ ਪੁਲਿਸ ਨੇ 111.5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ, ਐੱਨਡੀਪੀਐੱਸ ਐਕਟ ਤਹਿਤ 1137 ਮਾਮਲੇ ਦਰਜ ਕੀਤੇ ਹਨ ਅਤੇ ਵੱਖ-ਵੱਖ ਕਾਰਵਾਈਆਂ ਦੌਰਾਨ 2 ਹਜ਼ਾਰ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਡਰੱਗ ਕਾਰਟੇਲ ਦਾ ਵੀ ਪਰਦਾਫ਼ਾਸ਼ ਕੀਤਾ ਹੈ, ਗੈਂਗਸਟਰਾਂ ਖਿਲਾਫ ਕਾਰਵਾਈ ‘ਚ ਅੰਮ੍ਰਿਤਸਰ ਦੀ ਸ਼ਲਾਘਾਯੋਗ ਪ੍ਰਾਪਤੀ : ਡੀ.ਜੀ.ਪੀ. ਸ੍ਰੀ ਯਾਦਵ ਨੇ ਦਸਿਆ ਕਿ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ‘ਗੈਂਗਸਟਰਾਂ ‘ਤੇ ਵਾਰ’ ਤਹਿਤ ਕਮਿਸ਼ਨਰੇਟ ਪੁਲਿਸ ਨੇ ਆਰਮਜ਼ ਐਕਟ ਤਹਿਤ 63 ਮਾਮਲੇ ਦਰਜ ਕਰਕੇ 153 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਮੁਹਿੰਮ ਦੌਰਾਨ 209 ਪਿਸਤੌਲ/ਮਾਊਜ਼ਰ, 2 ਰਿਵਾਲਵਰ, 8 ਰਾਈਫਲਾਂ/ਬੰਦੂਕਾਂ, 221 ਮੈਗਜ਼ੀਨ, 536 ਜ਼ਿੰਦਾ ਕਾਰਤੂਸ ਅਤੇ ਹਵਾਲਾ ਲੈਣ-ਦੇਣ ਨਾਲ ਜੁੜੀ 3.80 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ। ਗੈਂਗਸਟਰਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਪੁਲਿਸ ਨੇ ਅਪਰਾਧਿਕ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਖ਼ਿਲਾਫ਼ ਸਫ਼ਲਤਾਪੂਰਵਕ ਕਾਰਵਾਈ ਵੀ ਕੀਤੀ। ਪਛਾਣ ਦੀ ਤਸਦੀਕ ਲਈ ਪੰਜਾਬ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਵਾਹਨ ਡਾਟਾਬੇਸ ਰਾਹੀਂ ਨਾਕਿਆਂ ਅਤੇ ਤਲਾਸ਼ੀ ਮੁਹਿੰਮਾਂ ਦੌਰਾਨ ਵਾਹਨਾਂ ਦੀ ਤੁਰੰਤ ਜਾਂਚ ਕੀਤੀ ਜਾ ਰਹੀ ਹੈ। ਮੋਬਾਈਲ ਫ਼ੋਨ, ਇਲੈਕਟ੍ਰਾਨਿਕ ਉਪਕਰਣਾਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਲਈ ਇਕ ਡਿਜੀਟਲ ਫੋਰੈਂਸਿਕ ਪ੍ਰਯੋਗਸ਼ਾਲਾ ਵੀ ਸਥਾਪਿਤ ਕੀਤੀ ਗਈ ਹੈ। ਸੀਸੀਟੀਵੀ ਨਿਗਰਾਨੀ ਅਤੇ ਤਕਨਾਲੋਜੀ ਅਧਾਰਿਤ ਖੁਫ਼ੀਆ ਪ੍ਰਣਾਲੀ ਨੇ ਪੁਲਿਸ ਦੀ ਕਾਰਗੁਜ਼ਾਰੀ ਅਤੇ ਜਾਂਚ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਹੈ। ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਅੰਤਰਰਾਸ਼ਟਰੀ ਸਰਹੱਦ ਪਾਰੋਂ ਪੰਜਾਬ ਵਿੱਚ ਹੈਰੋਇਨ ਦੀ ਤਸਕਰੀ ਕਰਨ ਵਾਲੇ ਦੁਬਈ-ਅਧਾਰਿਤ ਨੈੱਟਵਰਕ ਦਾ ਪਰਦਾਫ਼ਾਸ਼ ਕਰਕੇ ਅੰਤਰਰਾਸ਼ਟਰੀ ਡਰੱਗ ਤਸਕਰੀ ਨੂੰ ਵੱਡਾ ਝਟਕਾ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਨੇ 30.045 ਕਿਲੋਗ੍ਰਾਮ ਹੈਰੋਇਨ ਬਰਾਮਦ ਕਰਕੇ ਦੋ ਨਾਬਾਲਗਾਂ ਸਮੇਤ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।