ਅੰਮ੍ਰਿਤਸਰ, 29 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵਲੋਂ ਆਰਟੀਫ਼ੀਸ਼ਲ ਇੰਟੈਲੀਜੈਂਸ ਵਿਸ਼ੇ ‘ਤੇ ਕਰਵਾਏ ਗਏ ਇਕ ਉੱਚ ਪੱਧਰੀ ਸੈਮੀਨਾਰ ‘ਚ ਰਾਸਾ ਪੰਜਾਬ ਦੀ ਟੀਮ ਨੇ ਪੂਰੀ ਸਰਗਰਮੀ ਨਾਲ ਹਿੱਸਾ ਲੈਂਦਿਆਂ ਏ. ਆਈ. ਨਾਲ ਸੰਬੰਧਿਤ ਨਵੀਆਂ ਤਕਨੀਕਾਂ ਅਤੇ ਸਿੱਖਿਆ ਖੇਤਰ ‘ਚ ਉਨ੍ਹਾਂ ਦੀ ਉਪਯੋਗਤਾ ਬਾਰੇ ਅਹਿਮ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਆਰਟੀਫ਼ੀਸ਼ਲ ਇੰਟੈਲੀਜੈਂਸ ਭਵਿੱਖ ਦੀ ਸਿੱਖਿਆ ਪ੍ਰਣਾਲੀ ਦਾ ਅਟੁੱਟ ਹਿੱਸਾ ਬਣਨ ਜਾ ਰਹੀ ਹੈ। ਉਨ੍ਹਾਂ ਏ. ਆਈ. ਆਧਾਰਿਤ ਲਰਨਿੰਗ ਟੂਲ, ਸਮਾਰਟ ਕਲਾਸਰੂਮ, ਡਿਜ਼ੀਟਲ ਅਸੈਸਮੈਂਟ, ਪਰਸਨਲਾਈਜ਼ਡ ਲਰਨਿੰਗ, ਪਾਠ ਸਮੱਗਰੀ ਦੀ ਤਿਆਰੀ, ਵਿਦਿਆਰਥੀਆਂ ਦੀ ਪ੍ਰਗਤੀ ਦਾ ਵਿਸ਼ਲੇਸ਼ਣ ਅਤੇ ਅਧਿਆਪਕਾਂ ਦੇ ਰੋਜ਼ਾਨਾ ਕਾਰਜਾਂ ਨੂੰ ਹੋਰ ਸੁਚਾਰੂ ਬਣਾਉਣ ਵਿਚ ਏ.ਆਈ. ਦੀ ਮਹੱਤਵਪੂਰਨ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਡਾ. ਅਮਰਪਾਲ ਸਿੰਘ ਨੇ ਸਮੂਹ ਸਕੂਲਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੀ ਮੰਗ ਨੂੰ ਸਮਝਦਿਆਂ ਏ. ਆਈ. ਵਰਗੀਆਂ ਆਧੁਨਿਕ ਤਕਨੀਕਾਂ ਨੂੰ ਅਪਣਾਉਣ, ਤਾਂ ਜੋ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਜਾ ਸਕੇ। ਇਸ ਮੌਕੇ ਰਾਸਾ ਪੰਜਾਬ ਦੇ ਪ੍ਰਧਾਨ ਜਗਤਪਾਲ ਮਹਾਜਨ, ਜਨਰਲ ਸਕੱਤਰ ਸੁਜੀਤ ਸ਼ਰਮਾ (ਬੱਬਲੂ), ਸੀਨੀਅਰ ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਭੱਲਾ, ਚੀਫ਼ ਐਡਵਾਈਜ਼ਰ ਜਗਜੀਤ ਸਿੰਘ, ਐਡੀਸ਼ਨਲ ਜਨਰਲ ਸਕੱਤਰ ਹਰਸ਼ਦੀਪ ਸਿੰਘ ਰੰਧਾਵਾ, ਐਡਵਾਈਜ਼ਰ ਕੁਲਬੀਰ ਸਿੰਘ ਮਾਨ, ਮੋਹਿਤ ਮਹਾਜਨ, ਰਵੀ ਸੂਰੀ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਕੰਗ, ਨਵਜੋਤ ਸਿੰਘ ਭੰਗੂ, ਅਮਨਦੀਪ ਸਿੰਘ, ਅਸ਼ਵਿੰਦਰ ਕੁਮਾਰ, ਚਰਨਜੀਤ ਸਿੰਘ ਪਾਰੋਵਾਲ, ਬਲਕਾਰ ਸਿੰਘ, ਲਵ ਏ. ਐੱਸ., ਓਂਕਾਰ ਸਿੰਘ, ਅਰਮਾਨ ਸਿੰਘ, ਹਰਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਸੈਮੀਨਾਰ ਉਪਰੰਤ ਰਾਸਾ ਪੰਜਾਬ ਦੇ ਅਹੁਦੇਦਾਰਾਂ ਨੇ ਇਸ ਉਪਰਾਲੇ ਨੂੰ ਸਮੇਂ ਦੀ ਲੋੜ ਅਨੁਸਾਰ, ਗਿਆਨਵਰਧਕ, ਦੂਰਅੰਦੇਸ਼ੀ ਅਤੇ ਬਹੁਤ ਹੀ ਲਾਭਦਾਇਕ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਨ ਲਈ ਕੀਤਾ ਗਿਆ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ।